ਆਉਣ ਵਾਲੇ ਖ਼ਰਾਬ ਮੌਸਮ ਨੂੰ ਦੇਖਦੇ ਹੋਏ ਕਿਸਾਨ ਰੱਖਣ ਇਹਨਾਂ ਗੱਲਾਂ ਦਾ ਧਿਆਨ

ਜਿਵੇ ਕਿ ਹੁਣ ਸਭ ਨੂੰ ਪਤਾ ਹੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਮੌਸਮ ਖ਼ਰਾਬ ਹੋਣ ਵਾਲਾ ਹੈ, ਮੌਸਮ ਵਿਭਾਗ ਨੇ ਦੱਸਿਆ ਕਿ ਪੱਛਮੀ ਗੜਬੜੀਆਂ ਕਾਰਨ ਪੰਜਾਬ ‘ਚ ਅਗਲੇ ਦੋ ਦਿਨ ਮੌਸਮ ਖਰਾਬ ਹੋ ਸਕਦਾ ਹੈ। ਅਜਿਹੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਖ਼ਾਸ ਅਲਰਟ ਜਾਰੀ ਕੀਤਾ ਹੈ।

ਖੇਤੀ ਵਿਗਿਆਨੀ ਨੇ ਦੱਸਿਆ ਕਿ 16 ਤੇ 17 ਨੂੰ ਸੂਬੇ ਵਿੱਚ 50-60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ, ਧੂੜ ਦਾ ਚੱਕਰਵਾਤ, ਗੜ੍ਹੇਮਮਾਰੀ ਤੇ ਮੀਂਹ ਪੈਣ ਦੀ ਸੰਭਾਵਨਾ ਹੈ।

ਉਨ੍ਹਾਂ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਨੇ ਕਣਕ ਵੱਢ ਲਈ ਹੈ ਪਰ ਭਰੀਆਂ ਖੇਤਾਂ ‘ਚ ਪਈਆਂ ਹਨ, ਤਾਂ ਫ਼ਸਲ ਨੂੰ ਸੁਰੱਖਿਅਤ ਥਾਂ ‘ਤੇ ਰੱਖਿਆ ਜਾਵੇ। ਇਸ ਦੇ ਨਾਲ ਹੀ ਤੇਜ਼ ਬਾਰਸ਼ ਹੋਣ ਦੀ ਹਾਲਤ ਵਿੱਚ ਪਾਣੀ ਦੀ ਨਿਕਾਸੀ ਦੇ ਲੋੜੀਂਦੇ ਪ੍ਰਬੰਧ ਕੀਤੇ ਜਾਣ।

ਕਿਸਾਨਾਂ ਨੂੰ ਆਪਣੀ ਕਣਕ ਦੀ ਵਾਢੀ ਦੀ ਵਿਉਂਤਬੰਦੀ ਮੌਸਮ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਕਰਨ ਦੀ ਸਲਾਹ ਦਿੱਤੀ ਹੈ।ਇੰਨ੍ਹਾਂ ਦੋ ਦਿਨਾਂ ਦੌਰਾਨ ਕਣਕ ਦੇ ਮੰਡੀਕਰਨ ਨਾਲ ਜੁੜੀਆਂ ਗਤੀਵਿਧੀਆਂ ਤੋਂ ਵੀ ਪ੍ਰਹੇਜ਼ ਕਰਨ ਕਿਉਂਕਿ ਮੀਂਹ ਨਾਲ ਕਣਕ ਦੇ ਦਾਣਿਆਂ ਦੇ ਮੰਡੀ ਵਿਚ ਭਿੱਜਣ ਨਾਲ ਕਿਸਾਨਾਂ ਨੂੰ ਮੰਡੀਕਰਨ ਵਿਚ ਦਿੱਕਤਾਂ ਆ ਸਕਦੀਆਂ ਹਨ।

ਜਿਕਰਯੋਗ ਹੈ ਕਿ ਕਣਕ ਦੀ ਫ਼ਸਲ ਵਾਢੀ ਲਈ ਤਿਆਰ ਹੈ। ਕਈ ਥਾਂ ‘ਤੇ ਵਾਢੀ ਸ਼ੁਰੂ ਵੀ ਕਰ ਦਿੱਤੀ ਗਈ ਹੈ, ਪਰ ਅਜਿਹੇ ‘ਚ ਮੌਸਮ ਵਿਭਾਗ ਦੇ ਇਸ ਅਲਰਟ ਨੇ ਕਿਸਾਨਾਂ ਦੀ ਪ੍ਰੇਸ਼ਾਨੀ ਵਧਾ ਦਿੱਤੀ ਹੈ।

ਕਣਕ ਦੀ ਖਰੀਦ 25 ਮਈ ਤੱਕ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਸ ਸਾਲ ਕਣਕ ਦਾ ਭਾਅ 1840 ਰੁਪਏ ਪ੍ਰਤੀ ਕੁਇੰਟਲ ਹੈ ਜੋ ਕਿ ਪਿਛਲੇ ਸਾਲ ਦੇ 1735 ਰੁਪਏ ਕੁਇੰਟਲ ਦੇ ਮੁਕਾਬਲੇ 105 ਰੁਪਏ ਪ੍ਰਤੀ ਕੁਇੰਟਲ ਜ਼ਿਆਦਾ ਹੈ।

Leave a Reply

Your email address will not be published. Required fields are marked *