ਇਸ ਪਿੰਡ ਵਿੱਚੋਂ ਲੰਘਣ ਵਾਲਿਆਂ ਨੂੰ ਦੇਣਾ ਪਵੇਗਾ ਟੈਕਸ, ਜਾਣੋ ਕਿਉਂ ਪਈ ਇਹ ਟੈਕਸ ਲਾਉਣ ਦੀ ਲੋੜ

ਪੰਜਾਬ ਸਰਕਾਰ ਵੱਲੋਂ ਰਾਜ ਭਰ ’ਚ ਚੁੰਗੀ ਖਤਮ ਕਰ ਦਿੱਤੀ ਹੈ ਪਰ ਨੰਗਲ ਲੁਬਾਣਾ ਦੀ ਨਵੀਂ ਬਣੀ ਪੰਚਾਇਤ ਵੱਲੋਂ ਪਿੰਡ ’ਚ ਫੇਰੀ ਲਾ ਕੇ ਸਬਜ਼ੀ ਅਤੇ ਹੋਰ ਸਾਮਾਨ ਵੇਚਣ ਵਾਲੇ ਲੋੜਵੰਦ ਲੋਕਾਂ ’ਤੇ ਟੈਕਸ ਲਾ ਦਿੱਤਾ ਗਿਆ ਹੈ।

ਇਸ ਮਕਸਦ ਲਈ ਇਕ ਠੇਕੇਦਾਰ ਨਿਯੁਕਤ ਕਰ ਕੇ ਪਿੰਡ ’ਚ ਦਾਖਲ ਹੋਣ ਵਾਲੇ ਫੇਰੀ ਵਾਲਿਆਂ ਦੀ ਪਰਚੀ ਕੱਟੀ ਜਾਂਦੀ ਹੈ। ਬਣਦੇ ਪੈਸੇ ਨਾ ਦੇਣ ਜਾਂ ਵਿਰੋਧ ਕਰਨ ’ਤੇ ਮੰਦਾ ਚੰਗਾ ਬੋਲਿਆਂ ਜਾਂਦਾ ਹੈ ਤੇ ਕੁੱਟ-ਮਾਰ ਵੀ ਕੀਤੀ ਜਾਂਦੀ ਹੈ। ਇਸ ਲਾਏ ਗਏ ਟੈਕਸ ਕਾਰਨ ਪਿੰਡ ਵਾਲੇ ਕਾਫੀ ਨਾਰਾਜ਼ ਹਨ।

ਸਬਜ਼ੀ ਵੇਚਣ ਵਾਲੇ ਲੋਕਾਂ ਨੂੰ ਆਰਥਿਕ ਮਾਰ ਪੈ ਰਹੀ ਹੈ। ਫੇਰੀ ਵਾਲਿਆਂ ਨੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਇਹ ਤਾਂ ਇਕ ਨੰਗਲ ਲੁਬਾਣਾ ਪਿੰਡ ਦੀ ਗੱਲ ਹੈ। ਜੇਕਰ ਹੋਰ ਪਿੰਡ ਵੀ ਅਜਿਹਾ ਕਰਨਗੇ ਤਾਂ ਉਹ ਕੀ ਕਮਾਉਨਗੇ। ਉਨ੍ਹਾਂ ਦੇ ਪਰਿਵਾਰ ਰੋਟੀ ਕਿਥੋਂ ਖਾਣਗੇ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਨ੍ਹਾਂ ’ਤੇ ਲਾਇਆ ਟੈਕਸ ਬੰਦ ਕੀਤਾ ਜਾਵੇ।

ਕਿਓਂ ਲੋੜ ਪਈ ਟੈਕਸ ਲਾਉਣ ਦੀ

ਪੰਚਾਇਤ ਮੈਂਬਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਇਹ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਗ੍ਰਾਂਟਾਂ ਸਰਕਾਰ ਵੱਲੋਂ ਮਿਲ ਰਹੀਆਂ ਹਨ ਉਹ ਸਬੰਧਤ ਕੰਮਾਂ ’ਤੇ ਹੀ ਖਰਚ ਕੀਤੀਆਂ ਜਾ ਸਕਦੀਆਂ ਹਨ।

ਇਸ ਲਈ ਆਮਦਨ ਦੇ ਸਰੋਤ ਘੱਟ ਹੋਣ ਕਾਰਨ ਪਿੰਡ ਦੇ ਵਿਕਾਸ ਲਈ ਉਨ੍ਹਾਂ ਨੂੰ ਇਹ ਫੈਸਲਾ ਲੈਣਾ ਪਿਆ ਹੈ। ਉਨ੍ਹਾਂ ਕਿਹਾ ਕਿ ਓਵਰਲੋਡ ਟਰੈਕਟਰ-ਟਰਾਲੀਆਂ ਤੇ ਟਰਾਲਿਆਂ ਵਾਲਿਆਂ ਨੇ ਸੀਵਰੇਜ ਦੇ ਢੱਕਣ ਤੋੜ ਦਿੱਤੇ ਹਨ ਤੇ ਹੋਰ ਵੀ ਕਾਫੀ ਨੁਕਸਾਨ ਕੀਤਾ ਹੈ।  ਟੈਕਸ ਦਾ ਵਸੂਲਿਆ ਗਿਆ ਪੈਸਾ ਪਿੰਡ ਦੇ ਵਿਕਾਸ ਕਾਰਜਾਂ ’ਤੇ ਹੀ ਲਾਇਆ ਜਾਵੇਗਾ।

ਸਰਪੰਚ ਅਜਮੇਰ ਸਿੰਘ ਨੇ ਆਖਿਆ ਪੰਚਾਇਤੀ ਐਕਟ ਦੀ ਧਾਰਾ 88 ਅਧੀਨ ਟੈਕਸ ਲਾਇਆ ਜਾ ਸਕਦਾ ਹੈ। ਪੂਰੀ ਪੰਚਾਇਤ ਨੂੰ ਭਰੋਸੇ ’ਚ ਲੈ ਕੇ ਇਸ ਸਬੰਧੀ ਮਤਾ ਪਾਇਆ ਹੈ। ਫੇਰੀ ਵਾਲਿਆਂ ਦੀ ਕੁੱਟ-ਮਾਰ ਦੇ ਦੋਸ਼ ਝੂਠੇ ਤੇ ਬੇਬੁਨਿਆਦ ਹਨ। ਕਿਸੇ ਠੇਕੇਦਾਰ ਨੂੰ ਅਜਿਹਾ ਕਰਨ ਦੀ ਆਗਿਆ ਨਹੀਂ ਹੈ।

ਇਸ ਸਬੰਧੀ ਡੀ. ਡੀ. ਪੀ. ਓ. ਕਪੂਰਥਲਾ ਹਰਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਪੰਚਾਇਤ ਅਜਿਹਾ ਟੈਕਸ ਲਾ ਸਕਦੀ ਹੈ। ਪੰਚਾਇਤ ਨੂੰ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਣ ਲਈ ਕਿਹਾ ਜਾਵੇਗਾ।

ਟੈਕਸ ਲੈਣ ਲਈ ਪੰਚਾਇਤ ਵੱਲੋਂ ਬਣਾਈ ਰਸੀਦ ਬੁੱਕ ਦੇ ਰੇਟ

  • ਸਾਈਕਲ ਜਾਂ ਰੇਹਡ਼ੇ ’ਤੇ ਸਬਜ਼ੀ ਵੇਚਣ ਵਾਲੇ ਕੋਲੋਂ 20 ਰੁਪਏ।
  • 4 ਟਾਇਰੀ ਗੱਡੀ ਵਾਲੇ ਤੋਂ 40 ਰੁਪਏ।
  • ਡੀ. ਜੇ. ਵਾਲੇ ਕੋਲੋਂ 100 ਰੁਪਏ।
  • ਗਟਰ ਸਾਫ ਕਰਨ ਵਾਲੇ ਟੈਂਕਰ ਕੋਲੋਂ 50 ਰੁਪਏ।
  • ਸੀਮੈਂਟ, ਖਾਦ, ਕਰੈਸ਼ਰ ਵਾਲੀ ਗੱਡੀ ਕੋਲੋਂ 50 ਰੁਪਏ।
  • ਬਾਹਰ ਵਾਲੀ ਟਰਾਲੀ ਤੋਂ 20 ਰੁਪਏ।
  • ਮਕਾਨ ਬਣਾਉਣ ਲਈ ਗਲੀ ’ਚ ਰੱਖਿਆ ਸਾਮਾਨ ਇਕ ਹਫਤਾ ਫਰੀ, ਬਾਅਦ ’ਚ ਪ੍ਰਤੀ ਦਿਨ 10 ਰੁਪਏ।
  • ਰਸਤੇ/ਗਲੀ ’ਚ ਖਡ਼੍ਹੇ ਟਰੈਕਟਰ-ਟਰਾਲੀ ਅਤੇ ਰੇਹਡ਼ਾ ਲਈ 1 ਦਿਨ ਦੀ ਛੋਟ, ਬਾਕੀ ਪ੍ਰਤੀ ਦਿਨ 50 ਰੁਪਏ ।
  • ਪਿੰਡ ’ਚ ਸਪੀਕਰ ਲਾਉਣ ਦੀ ਮਨਾਹੀ ਹੋਵੇਗੀ।

Leave a Reply

Your email address will not be published. Required fields are marked *