ਕਰਜ਼ਾ ਮੁਆਫ਼ੀ ਸਮਾਰੋਹ: 15 ਲੱਖ ਰੁਪਏ ’ਚ ਪਿਆ ‘ਇਸ਼ਕ ਦਾ ਗਿੱਧਾ’

ਪੰਜਾਬ ਮੰਡੀ ਬੋਰਡ ਨੂੰ ਲੰਘੀ 7 ਜਨਵਰੀ ਨੂੰ ਮਾਨਸਾ ਦੇ ‘ਕਰਜ਼ਾ ਮੁਆਫ਼ੀ ਸਮਾਰੋਹ’ ਵਿਚ ਉਘੇ ਗਾਇਕ ਗੁਰਦਾਸ ਮਾਨ ਦਾ ਰੰਗਾਰੰਗ ਪ੍ਰੋਗਰਾਮ ਪੂਰੇ 15 ਲੱਖ ਰੁਪਏ ਵਿਚ ਪਿਆ। ਮਾਨਸਾ ਪ੍ਰਸ਼ਾਸਨ ਨੇ ਜੋ ਪਹਿਲੇ ਕਰਜ਼ਾ ਮੁਆਫ਼ੀ ਸਮਾਰੋਹ ਦੇ ਪ੍ਰਬੰਧ ਕੀਤੇ, ਉਨ੍ਹਾਂ ’ਤੇ 20 ਲੱਖ ਰੁਪਏ ਖਰਚਾ ਆਇਆ ਜਦਕਿ 15 ਲੱਖ ਰੁਪਏ ਇਕੱਲੇ ਗਾਇਕ ਨੂੰ ਦੇਣੇ ਪਏ ਹਨ।

ਪੰਜਾਬ ਸਰਕਾਰ ਨੇ ਮਾਨਸਾ ਸਮਾਰੋਹ ਦੇ ਇੰਤਜ਼ਾਮ ’ਤੇ ਆਏ ਖ਼ਰਚੇ ਦੇ ਬਿੱਲ ਹਾਲੇ ਤੱਕ ਕਲੀਅਰ ਨਹੀਂ ਕੀਤੇ ਹਨ ਜਦੋਂ ਕਿ ਮੰਡੀ ਬੋਰਡ ਨੇ ਗੁਰਦਾਸ ਮਾਨ ਨੂੰ ਸਾਰੀ ਅਦਾਇਗੀ ਹੱਥੋਂ-ਹੱਥ ਕਰ ਦਿੱਤੀ ਹੈ। ਹੁਣ ਸਰਕਾਰ ਤਰਫ਼ੋਂ 14 ਮਾਰਚ ਨੂੰ ਨਕੋਦਰ ਵਿਖੇ ‘ਕਰਜ਼ਾ ਮੁਆਫ਼ੀ ਸਮਾਰੋਹ’ ਕੀਤੇ ਜਾ ਰਹੇ ਹਨ ਜਿਸ ਵਿਚ ਮਨੋਰੰਜਨ ਲਈ ਮਾਸਟਰ ਸਲੀਮ ਨੂੰ ਬੁਲਾਇਆ ਜਾ ਰਿਹਾ ਹੈ।

ਕਿਸਾਨ ਧਿਰਾਂ ਨੇ ਆਖਿਆ ਕਿ ਸਰਕਾਰ ਨੇ ਮਨੋਰੰਜਨ ਸਟੇਜ ਲਗਾ ਕੇ ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ। ਪਹਿਲੇ ਸਮਾਰੋਹਾਂ ਵਿਚ ਪੰਜ ਜ਼ਿਲਿਆਂ ਦੇ 47 ਹਜ਼ਾਰ ਕਿਸਾਨਾਂ ਦਾ ਕਰਜ਼ ਮੁਆਫ਼ ਕੀਤਾ ਗਿਆ ਜੋ ਕਰੀਬ 167 ਕਰੋੜ ਰੁਪਏ ਬਣਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਨਸਾ ਸਮਾਰੋਹਾਂ ਵਿਚ ਕਰਜ਼ਾ ਮੁਆਫ਼ੀ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ ਸੀ।

ਜਿਨ੍ਹਾਂ ਕਿਸਾਨਾਂ ਨੂੰ ਸਰਟੀਫਿਕੇਟ ਸਟੇਜ ਤੋਂ ਵੰਡੇ ਗਏ ਸਨ, ਉਨ੍ਹਾਂ ਨੂੰ ਸਮਾਰੋਹਾਂ ਤੋਂ ਇੱਕ ਦਿਨ ਪਹਿਲਾਂ ਹੀ ਮਾਨਸਾ ਦੇ ਹੋਟਲਾਂ ਵਿਚ ਠਹਿਰਾਇਆ ਗਿਆ ਜਿਸ ਦੌਰਾਨ ਕਿਸਾਨਾਂ ਦੀ ਖ਼ੂਬ ਖ਼ਾਤਰਦਾਰੀ ਕੀਤੀ ਗਈ । ਸਮਾਰੋਹ ਵਿਚ ਗੁਰਦਾਸ ਮਾਨ ਨੇ ਕਈ ਘੰਟੇ ਸਟੇਜ ਤੋਂ ਰੰਗ ਬੰਨ੍ਹਿਆ ਜਿਸ ਦੇ ਬਦਲੇ ਵਿਚ ਮੰਡੀ ਬੋਰਡ ਨੇ 15 ਲੱਖ ਦੀ ਅਦਾਇਗੀ ਕੀਤੀ।

ਲੋਕ ਸੰਪਰਕ ਵਿਭਾਗ ਨੇ ਆਰਟੀਆਈ ਸੂਚਨਾ ‘ਚ ਦੱਸਿਆ ਕਿ ਵਿਭਾਗ ਨੇ ਮਾਨਸਾ ਸਮਾਰੋਹਾਂ ’ਤੇ ਕੋਈ ਖਰਚਾ ਨਹੀਂ ਕੀਤਾ ਹੈ ਅਤੇ ਗੁਰਦਾਸ ਮਾਨ ਦੀ ਅਦਾਇਗੀ ਵੀ ਪੰਜਾਬ ਮੰਡੀ ਬੋਰਡ ਵੱਲੋਂ ਕੀਤੀ ਗਈ ਹੈ। ਮੰਡੀ ਬੋਰਡ ਦੇ ਸਕੱਤਰ ਅਮਿਤ ਢਾਕਾ ਨੇ ਫ਼ੋਨ ਨਹੀਂ ਚੁੱਕਿਆ ਪ੍ਰੰਤੂ ਸਰਕਾਰੀ ਸੂਤਰਾਂ ਨੇ ਏਨਾ ਦੱਸਿਆ ਕਿ ਮੰਡੀ ਬੋਰਡ ਨੂੰ ਮਾਨਸਾ ਸਮਾਰੋਹਾਂ ਦੇ 35 ਲੱਖ ਦੇ ਬਿੱਲਾਂ ਦੀ ਅਦਾਇਗੀ ਕਰਨੀ ਪਈ ਹੈ।

ਮਾਨਸਾ ਸਮਾਰੋਹਾਂ ਵਿਚ ਜੋ ਟੈਂਟ ਲਾਇਆ ਗਿਆ, ਉਹ ਫ਼ਰਮ ਪਟਿਆਲਾ ਤੋਂ ਸੀ ਅਤੇ ਉਸ ਦਾ ਬਿੱਲ ਕਰੀਬ 11 ਲੱਖ ਰੁਪਏ ਦਾ ਬਣਿਆ ਹੈ। ਤਿੰਨ ਲੱਖ ਦਾ ਖਰਚਾ ਲੰਗਰ ਦਾ ਰਿਹਾ ਹੈ। ਮਾਨਸਾ ਪ੍ਰਸ਼ਾਸਨ ਕੋਲ ਟੈਂਟ, ਸਾਊਂਡ, ਲੰਗਰ, ਫੁੱਲਾਂ, ਬੈਨਰਾਂ ਆਦਿ ’ਤੇ ਕਰੀਬ 20 ਲੱਖ ਰੁਪਏ ਦੇ ਬਿੱਲ ਪੁੱਜੇ ਹਨ।

ਜ਼ਿਲ੍ਹਾ ਪ੍ਰਸ਼ਾਸਨ ਨੂੰ ਹਾਲੇ ਤੱਕ ਨਹੀਂ ਮਿਲੇ ਫੰਡ

ਡਿਪਟੀ ਕਮਿਸ਼ਨਰ ਮਾਨਸਾ ਧਰਮਪਾਲ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਇੱਕ ਕਮੇਟੀ ਬਣਾ ਕੇ ਸਮਾਰੋਹਾਂ ਤੇ ਬਹੁਤ ਸੰਜਮ ਨਾਲ ਖਰਚਾ ਕੀਤਾ ਹੈ ਅਤੇ ਇਹ ਖਰਚਾ ਕਰੀਬ 20 ਲੱਖ ਰੁਪਏ ਬਣਦਾ ਹੈ ਜਿਸ ਦੇ ਬਿੱਲ ਸਰਕਾਰ ਨੂੰ ਭੇਜ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਤੋਂ ਫ਼ੰਡ ਮੰਗੇ ਹਨ ਪ੍ਰੰਤੂ ਹਾਲੇ ਤੱਕ ਕੋਈ ਪੈਸਾ ਪ੍ਰਾਪਤ ਨਹੀਂ ਹੋਇਆ ਹੈ। ਗੁਰਦਾਸ ਮਾਨ ਦੀ ਅਦਾਇਗੀ ਉਨ੍ਹਾਂ ਨਹੀਂ ਕੀਤੀ ਹੈ।

Leave a Reply

Your email address will not be published. Required fields are marked *