ਹੁਣ ਕਾਂਗਰਸੀ ਤੈਅ ਕਰਨਗੇ ਤੁਹਾਡੇ ਪਿੰਡ ਦੇ ਪੰਚਾਇਤੀ ਚੋਣਾਂ ਦੇ ਵਾਰਡ

ਪਿਛਲੀ ਸਰਕਾਰ ਸਮੇਂ ਪਿੰਡਾਂ ਵਿੱਚ ਸਥਾਨਕ ਅਕਾਲੀ ਆਗੂਆਂ ਅਤੇ ਵਰਕਰਾਂ ਅਨੁਸਾਰ ਵਾਰਡਬੰਦੀ ਕੀਤੀ ਗਈ ਸੀ। ਇਸ ਵਾਰ ਉਹੀ ਕੰਮ ਕਾਂਗਰਸੀ ਵਰਕਰ ਕਰ ਰਹੇ ਹਨ।

ਵਿਭਾਗ ਦੇ ਬਲਾਕ ਪੱਧਰ ਦੇ ਅਧਿਕਾਰੀਆਂ ਵੱਲੋਂ ਵਾਰਡਬੰਦੀ ਦੇ ਕੰਮ ਵਿੱਚ ਲੱਗੇ ਪੰਚਾਇਤ ਸਕੱਤਰਾਂ ਨੂੰ ਹੁਕਮਰਾਨ ਧਿਰ ਦੇ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਦੀ ਸਹਿਮਤੀ ਅਨੁਸਾਰ ਵਾਰਡਬੰਦੀ ਤੇ ਜ਼ੋਨ ਬਣਾਉਣ ਅਤੇ ਪਿੰਡਾਂ ਦੀ ਸਰਪੰਚੀ ਲਈ ਰਾਖਵੇਂਕਰਨ ਦੀਆਂ ਤਜਵੀਜ਼ਾਂ ਬਣਾਉਣ ਦੇ ਮੂੰਹ-ਜ਼ੁਬਾਨੀ ਆਦੇਸ਼ ਦਿੱਤੇ ਹੋਏ ਹਨ।

ਸੂਬੇ ਦੇ ਜ਼ਿਆਦਾਤਰ ਪਿੰਡਾਂ ਵਿੱਚ ਵਾਰਡਬੰਦੀ ਦੀ ਸਾਰੀ ਪ੍ਰਕਿਰਿਆ ਨਵੇਂ ਸਿਰਿਓਂ ਹੋਣ ਕਾਰਨ ਦੇਰੀ ਹੋ ਰਹੀ ਹੈ। ਵਿਭਾਗ ਵੱਲੋਂ ਸੂਬੇ ਦੇ ਪਿੰਡਾਂ ਵਿੱਚ ਵਾਰਡਾਂ ਦੀਆਂ ਤਜਵੀਜ਼ਾਂ ਬਣਾਉਣ ਲਈ ਤਰੀਕ 28 ਫਰਵਰੀ ਤੈਅ ਕੀਤੀ ਗਈ ਸੀ। ਵਿਭਾਗ ਵੱਲੋਂ ਹੁਣ ਇਸ ਵਿੱਚ ਵਾਧਾ ਕਰਦਿਆਂ 31 ਮਾਰਚ ਤੱਕ ਪੰਚਾਂ ਦੇ ਵਾਰਡਾਂ ਤੇ ਬਲਾਕ ਸਮਿਤੀ/ਜ਼ਿਲ੍ਹਾ ਪ੍ਰੀਸ਼ਦਾਂ ਦੇ ਜ਼ੋਨਾਂ ਦਾ ਕੰਮ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।

ਆਬਾਦੀ ਅਨੁਸਾਰ ਹਰ ਪਿੰਡ ਵਿੱਚੋਂ ਪੰਚਾਂ ਲਈ 5 ਤੋਂ ਲੈ ਕੇ 13 ਵਾਰਡ ਬਣਾਏ ਜਾਣੇ ਹਨ। ਵਿਭਾਗ ਨੇ ਵਾਰਡਬੰਦੀ ਕਰਦਿਆਂ ਭੂਗੋਲਿਕ ਤੌਰ ’ਤੇ ਇਕਸਾਰਤਾ ਰੱਖਣ, ਵਾਰਡਾਂ ਵਿੱਚ ਆਬਾਦੀ ਦਾ ਬਰਾਬਰ ਅਨੁਪਾਤ ਹੋਣ ਦੇ ਨਿਰਦੇਸ਼ ਪਹਿਲਾਂ ਹੀ ਦਿੱਤੇ ਹੋਏ ਹਨ।

ਤਾਜ਼ਾ ਸ਼ਡਿਊਲ ਅਨੁਸਾਰ ਹੁਣ 30 ਅਪਰੈਲ ਤੱਕ ਪੰਚਾਂ ਅਤੇ ਸਮਿਤੀਆਂ ਦੇ ਜ਼ੋਨਾਂ ਦੀ ਵਾਰਡਬੰਦੀ ਦਾ ਕੰਮ ਮੁਕੰਮਲ ਹੋ ਸਕੇਗਾ। ਇਸੇ ਦਿਨ ਸਰਪੰਚਾਂ, ਪੰਚਾਂ ਤੇ ਸਮਿਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੇ ਜ਼ੋਨਾਂ ਦੇ ਰਾਖਵੇਂਕਰਨ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਹੋ ਜਾਵੇਗਾ। ਵਿਭਾਗੀ ਸੂਤਰਾਂ ਅਨੁਸਾਰ ਵਾਰਡਬੰਦੀ ਦਾ ਕੰਮ ਲਟਕਣ ਨਾਲ ਪੰਚਾਇਤ ਅਤੇ ਬਲਾਕ ਸਮਿਤੀ/ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਜੁਲਾਈ ਤੋਂ ਵੀ ਅੱਗੇ ਜਾ ਸਕਦੀਆਂ ਹਨ।

Leave a Reply

Your email address will not be published. Required fields are marked *