ਰੇਲ ਮੁਸਾਫ਼ਰਾਂ ਲਈ ਰੱਬ ਬਣ ਕੇ ਬਹੁੜੇ ਧਰਨਾ ਦੇ ਰਹੇ ਕਿਸਾਨ, ਟਲਿਆ ਵੱਡਾ ਹਾਦਸਾ

ਦਸੂਹਾ ਨੇੜੇ ਜਲੰਧਰ-ਪਠਾਨਕੋਟ ਰੇਲ ਮਾਰਗ ‘ਤੇ ਅੱਜ ਉਸ ਸਮੇਂ ਵੱਡਾ ਹਾਦਸਾ ਹੋਣੋ ਟਲ ਗਿਆ ਜਦੋਂ ਰੇਲਵੇ ਟਰੈਕ ਪੂਰੀ ਤਰ੍ਹਾਂ ਟੁੱਟਾ ਪਾਇਆ ਗਿਆ। ਇਸ ਮਾਰਗ ‘ਤੇ ਰੇਲ ਆਵਾਜਾਈ ਰਹਿੰਦੀ ਹੈ, ਪਰ ਕਿਸਾਨਾਂ ਦੇ ਧਰਨੇ ਕਾਰਨ ਇੱਥੋਂ ਕੋਈ ਰੇਲ ਨਹੀਂ ਗੁਜ਼ਰੀ।

ਦੋ ਨੌਜਵਾਨਾਂ ਨੇ ਟਾਂਡਾ ਦੇ ਦਸ਼ਮੇਸ਼ ਨਗਰ ਦੇ ਕੋਲ ਰੇਲਵੇ ਟਰੈਕ ਦੇ ਟੁੱਟੇ ਹੋਣ ਬਾਰੇ ਸੂਚਨਾ ਸਬੰਧੀ ਸਥਾਨਕ ਰੇਲਵੇ ਸਟੇਸ਼ਨ ਦਿੱਤੀ। ਰੇਲ ਅਧਿਕਾਰੀ ਮੌਕੇ ‘ਤੇ ਪਹੁੰਚੇ ਤੇ ਹਾਲਾਤ ਦਾ ਜਾਇਜ਼ਾ ਲਿਆ।

ਦੁਪਹਿਰ ਦੇ ਕਰੀਬ ਪੌਣੇ ਦੋ ਵਜੇ ਇੱਥੋਂ ਅਹਿਮਦਾਬਾਦ ਜੰਮੂ-ਤਵੀ ਐਕਸਪ੍ਰੈੱਸ ਗੱਡੀ ਲੰਘਦੀ ਹੈ ਅਤੇ ਸ਼ਾਮ ਨੂੰ ਪੈਸੇਂਜਰ ਗੱਡੀ ਲੰਘਣੀ ਸੀ ਪਰ ਦਸੂਹਾ ਦੇ ਪਿੰਡ ਗਰਨਾ ਸਹਿਬ ਕੋਲ ਕਿਸਾਨ ਅੰਦੋਲਨ ਦੇ ਚੱਲਦਿਆਂ ਅੱਜ ਰੇਲ ਮਾਰਗ ਠੱਪ ਸੀ, ਜਿਸ ਕਾਰਨ ਇੱਥੋਂ ਟਰੇਨਾਂ ਨਹੀਂ ਲੰਘ ਰਹੀਆਂ ਸਨ।

ਰੇਲ ਲਾਈਨ ਟੁੱਟੇ ਹੋਣ ਦੀ ਸੂਚਨਾ ਪਾ ਕੇ ਜੀ.ਆਰ.ਪੀ. ਨੇ ਮੌਕੇ ‘ਤੇ ਪਹੁੰਚ ਕੇ ਅਤੇ ਰੇਲਵੇ ਟਰੈਕ ਦਾ ਜਾਇਜ਼ਾ ਲਿਆ। ਫਿਲਹਾਲ ਰੇਲਵੇ ਟਰੈਕ ਦੇ ਟੁੱਟਣ ਦੇ ਕਾਰਨਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਅਧਿਕਾਰੀ ਜਾਂਚ ਕਰ ਰਹੇ ਹਨ।

ਕੱਢ ਲਓ ਰਜਾਈਆਂ ਤੇ ਸਵਾਟਰਾਂ, ਆਉਣ ਵਾਲੇ ਦਿਨਾਂ ਵਿੱਚ ਇਸ ਤਰ੍ਹਾਂ ਰਹੇਗਾ ਮੌਸਮ

ਕੌਮੀ ਰਾਜਧਾਨੀ ਦਿੱਲੀ ਸਮੇਤ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ‘ਚ ਠੰਡ ਵਧ ਸਕਦੀ ਹੈ। ਉੱਤਰ-ਪੱਛਮੀ ਹਵਾਵਾਂ ਦੀ ਗਤੀ ਤੇਜ਼ ਹੋਣ ਕਾਰਨ ਅਤੇ ਨੇੜਲੇ ਪਹਾੜੀ ਖੇਤਰਾਂ ਵਿੱਚ ਬਰਫ਼ਬਾਰੀ ਕਰਕੇ ਅਗਲੇ 24 ਘੰਟਿਆਂ ਦੌਰਾਨ ਠੰਡ ਵਧਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਮੁਤਾਬਕ ਤਾਪਮਾਨ ਵਿੱਚ ਗਿਰਾਵਟ ਆਉਣ ਦੇ ਨਾਲ-ਨਾਲ ਹਵਾ ਦੀ ਗਤੀ ਵਿੱਚ ਵੀ ਕਮੀ ਆ ਸਕਦੀ ਹੈ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਹੋਰ ਵਧ ਸਕਦਾ ਹੈ।ਸ਼ੁੱਕਰਵਾਰ ਨੂੰ ਦਿੱਲੀ ਵਿੱਚ ਏਕਿਊਆਈ ਦਾ ਪੱਧਰ 315 ਦਰਜ ਕੀਤਾ ਗਿਆ ਸੀ।

ਮਾਹਰਾਂ ਮੁਤਾਬਕ ਇਹ ਖਰਾਬ ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਦੇ ਨਾਲ ਹੀ ਅਗਲੇ ਦੋ ਦਿਨਾਂ ਤਕ ਸਵੇਰੇ ਕੋਰਾ ਪੈਣ ਦੀ ਵੀ ਸੰਭਾਵਨਾ ਜਤਾਈ ਗਈ ਹੈ। ਦਿੱਲੀ ਤੇ ਪੰਜਾਬ ਸਮੇਤ ਉੱਤਰ ਖੇਤਰੀ ਇਲਾਕਿਆਂ ਵਿੱਚ ਇਸ ਹਫ਼ਤੇ ਘੱਟੋ-ਘੱਟ ਤਾਪਮਾਨ 12 ਡਿਗਰੀ ਸੈਲਸੀਅਸ ਤਕ ਰਹਿਣ ਦਾ ਅਨੁਮਾਨ ਹੈ।

ਸ਼ਨੀਵਾਰ ਤੇ ਐਤਵਾਰ ਨੂੰ ਹਵਾ ਦੀ ਮੌਜੂਦਾ ਗਤੀ 20 ਤੋਂ 25 ਕਿਲੋਮੀਟਰ ਪ੍ਰਤੀ ਘੰਟਾ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ। ਇਸ ਦੇ ਬਾਅਦ ਹਵਾ ਦੀ ਗਤੀ ਪੰਜ ਤੋਂ ਸੱਤ ਕਿਲੋਮੀਟਰ ਪ੍ਰਤੀ ਘੰਟਾ ਤਕ ਆ ਸਕਦੀ ਹੈ।

ਪਿਛਲੇ ਦੋ ਦਿਨਾਂ ਵਿੱਚ ਉੱਤਰ ਪੱਛਮ ਹਵਾਵਾਂ ਦੀ ਰਫ਼ਤਾਰ ਵਧਣ ਕਰਕੇ ਦਿੱਲੀ ਤੇ ਆਸਪਾਸ ਦੇ ਇਲਾਕਿਆਂ ਵਿੱਚ ਹਵਾ ਪ੍ਰਦੂਸ਼ਣ ਵਿੱਚ ਥੋੜੀ ਸੁਧਾਰ ਵੇਖਿਆ ਗਿਆ ਹੈ।

ਪੰਜਾਬ ਵਿੱਚ ਇਸ ਜਗ੍ਹਾ ਤੇ ਹੋਇਆ ਬੰਬਾ ਨਾਲ਼ ਹਮਲਾ, ਹਾਈ ਅਲਰਟ ਜ਼ਾਰੀ

ਅੰਮ੍ਰਿਤਸਰ: ਜ਼ਿਲ੍ਹੇ ਦੇ ਹਲਕੇ ਰਾਜਾਸਾਂਸੀ ਦੇ ਨੇੜਲੇ ਪਿੰਡ ਅਦਲੀਵਾਲਾ ਵਿੱਚ ਧਾਰਮਿਕ ਡੇਰੇ ‘ਤੇ ਹਮਲੇ ਦੀ ਖ਼ਬਰ ਹੈ। ਇਸ ਹਮਲੇ ਵਿੱਚ ਤਿੰਨ ਜਣਿਆਂ ਦੀ ਮੌਤ ਹੋਣ ਦੀ ਖ਼ਬਰ ਹੈ ਜਦਕਿ ਅੱਠ ਜਣੇ ਜ਼ਖ਼ਮੀ ਹਨ। ਰਾਜਾਸਾਂਸੀ ਇਲਾਕੇ ਵਿੱਚ ਅੰਮ੍ਰਿਤਸਰ ਦਾ ਕੌਮਾਂਤਰੀ ਹਵਾਈ ਅੱਡਾ ਵੀ ਸਥਿਤ ਹੈ। ਇਸ ਹਮਲੇ ਨੂੰ ਦਹਿਸ਼ਤੀ ਕਾਰਵਾਈ ਵਜੋਂ ਦੇਖਿਆ ਜਾ ਰਿਹਾ ਹੈ।

ਅੰਮ੍ਰਿਤਸਰ ਬਾਰਡਰ ਰੇਂਜ ਦੇ ਆਈਜੀ ਐਸ.ਪੀ.ਐਸ. ਪਰਮਾਨ ਨੇ ‘ਏਬੀਪੀ ਸਾਂਝਾ’ ਨੂੰ ਦੱਸਿਆ ਕਿ ਇਹ ਧਮਾਕਾ ਗ੍ਰੇਨੇਡ ਨਾਲ ਹੋਇਆ ਜਾਪਦਾ ਹੈ, ਬਾਕੀ ਤਫ਼ਸੀਲ ਉਹ ਮੌਕੇ ‘ਤੇ ਜਾ ਕੇ ਪਹੁੰਚ ਦੇ ਸਕਦੇ ਹਨ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਆਸ-ਪਾਸ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਅਤੇ ਸੀਸੀਟੀਵੀ ਕੈਮਰਿਆਂ ਤੋਂ ਫੁਟੇਜ ਕਢਵਾਈ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਐਤਵਾਰ ਨੂੰ ਨਿਰੰਕਾਰੀ ਡੇਰੇ ‘ਚ ਸਤਸੰਗ ਹੋ ਰਿਹਾ ਸੀ ਜਿੱਤੇ ਕੁਝ ਮੋਟਰਸਾਈਕਲ ਸਵਾਰਾਂ ਨੇ ਗ੍ਰੇਨੇਡੇ ਸੁੱਟ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੂਹੀਆ ਕੁੱਤੇ ਅਤੇ ਫੋਰੈਂਸਿਕ ਟੀਮ ਵੀ ਮੌਕੇ ਲਈ ਰਵਾਨਾ ਹੋ ਰਹੀ ਹੈ। ਫਿਲਹਾਲ ਪੁਲਿਸ ਅਧਿਕਾਰੀ ਇਸ ਮਾਮਲੇ ‘ਤੇ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਹੇ ਹਨ।

 

ਖ਼ੁਫ਼ੀਆ ਏਜੰਸੀਆਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਦਹਿਸ਼ਤਗਰਦਾਂ ਦੇ ਮੌਜੂਦ ਹੋਣ ਦਾ ਐਲਰਟ ਸੀ। ਇਸ ਦੇ ਨਾਲ ਹੀ ਅੰਮ੍ਰਿਤਸਰ ਵਿੱਚ ਖ਼ਤਰਨਾਕ ਅੱਤਵਾਦੀ ਜ਼ਾਕਿਰ ਮੂਸਾ ਨੂੰ ਵੀ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਐਲਰਟ ਵੀ ਜਾਰੀ ਕੀਤਾ ਗਿਆ ਸੀ।

ਅਜਿਹਾ ਹੀ ਹੱਥਗੋਲਾ ਧਮਾਕਾ ਸਤੰਬਰ ਮਹੀਨੇ ਦੌਰਾਨ ਜਲੰਧਰ ਦੇ ਮਕਸੂਦਾਂ ਥਾਣੇ ਵਿੱਚ ਵੀ ਹੋਇਆ ਸੀ। ਪਿਛਲੇ ਦਿਨੀਂ ਕੁਝ ਹਥਿਆਰਬੰਦ ਸ਼ੱਕੀ ਵਿਅਕਤੀਆਂ ਨੇ ਪਠਾਨਕੋਟ ਤੋਂ ਗੱਡੀ ਵੀ ਖੋਹੀਆਂ ਸਨ।

ਸ਼੍ਰੋਮਣੀ ਅਕਾਲੀ ਦਲ ਨੂੰ ਲੱਗਾ ਇਕ ਹੋਰ ਝਟਕਾ, ਇਹਨਾਂ ਟਕਸਾਲੀ ਆਗੂਆਂ ਨੇ ਛੱਡੀ ਪਾਰਟੀ

ਟਕਸਾਲੀ ਆਗੂਆਂ ਵਲੋਂ ਅਸਤੀਫਾ ਦੇਣ ਤੋਂ ਬਾਅਦ ਹੁਣ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਉਨ੍ਹਾਂ ਦੇ ਹਲਕੇ ਜਲਾਲਾਬਾਦ ‘ਚ ਹੀ ਵੱਡਾ ਝਟਕਾ ਲੱਗਾ ਹੈ। ਜਲਾਲਾਬਾਦ ਹਲਕੇ ‘ਚੋਂ ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਸਮੇਤ ਕਈ ਸਰਪੰਚਾਂ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਹੈ।

ਸੂਤਰਾਂ ਮੁਤਾਬਕ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਨਾ ਦੇਣ ‘ਤੇ ਸਥਾਨਕ ਟਕਸਾਲੀ ਆਗੂਆਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਛੱਡ ਦਿੱਤਾ ਹੈ । ਜਾਣਕਾਰੀ ਮੁਤਾਬਕ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਅਤੇ ਜਥੇਦਾਰ ਚਰਨ ਸਿੰਘ ਕੰਧਵਾਲਾ ਨੇ ਵੱਡੀ ਗਿਣਤੀ ‘ਚ ਸਾਥੀਆਂ ਸਮੇਤ ਬਾਦਲ ਪਰਿਵਾਰ ਨੂੰ ਅਲਵਿਦਾ ਕਿਹਾ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੁਣ ਪੁਰਾਣੀ ਪਾਰਟੀ ਨਹੀਂ ਰਹੀ , ਅੱਜ ਪਾਰਟੀ ਆਗੂ ਉਸਨੂੰ ਆਪਣੇ ਨਿੱਜੀ ਸਵਾਰਥ ਲਈ ਛਿੱਕੇ ਚਾੜ ਰਹੇ ਹਨ। ਉਨ੍ਹਾਂ ਕਿਹਾ ਕਿ ਬਰਗਾੜੀ ਕਾਂਡ ਅਤੇ ਹੋਰ ਅਜਿਹੇ ਮਾਮਲੇ ਹਨ ਜਿੰਨ੍ਹਾਂ ਨੂੰ ਲੈ ਕੇ ਸਿੱਖਾਂ ‘ਚ ਭਾਰੀ ਰੋਸ ਹੈ ਅਤੇ ਉਨ੍ਹਾਂ ਦੀ ਅੰਤਰ ਆਤਮਾ ਇਜਾਜ਼ਤ ਨਹੀਂ ਦਿੰਦੀ ਕਿ ਉਹ ਇਸ ਪਾਰਟੀ ‘ਚ ਰਹਿ ਕੇ ਕੰਮ ਕਰ ਸਕਣ।

ਉਨ੍ਹਾਂ ਦੱਸਿਆ ਕਿ ਬੀਤੇ ਦਿਨੀ ਸ਼੍ਰੀ ਹਜੂਰ ਸਾਹਿਬ ਤੋਂ ਉਨ੍ਹਾਂ ਨੇ ਅਸਤੀਫੇ ਦੇਣੇ ਸ਼ੁਰੂ ਕਰ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਫਿਰ ਤੋਂ ਗਠਨ ਹੋਵੇਗਾ ਅਤੇ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਹੋਵੇਗਾ।

ਇਥੇ ਦੱਸਣਯੋਗ ਹੈ ਕਿ ਚਰਨ ਸਿੰਘ ਪਿਛਲੇ ਕਈ ਦਹਾਕਿਆਂ ਤੋਂ ਅਕਾਲੀ ਦਲ ‘ਚ ਸਰਗਰਮ ਸਨ ਅਤੇ ਇਨ੍ਹਾਂ ਨੇ 1975 ‘ਚ ਪ੍ਰਧਾਨ ਇੰਦਰਾ ਗਾਂਧੀ ਦੇ ਰਾਜ ਸਮੇਂ ਲੱਗੀ ਐਮਰਜੈਂਸੀ, 1982 ਦੇ ਧਰਮ ਯੁੱਧ ਮੋਰਚਾ ਅਤੇ ਹੋਰ ਕਈ ਅਹਿਮ ਮੌਕਿਆਂ ‘ਤੇ ਜੇਲਾਂ ਵੀ ਕੱਟੀਆਂ ਹਨ । ਉਨ੍ਹਾਂ ਨੇ ਵੀਰਵਾਰ ਨੂੰ ਆਪਣੇ ਪਿੰਡ ‘ਚ ਇਕੱਠ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡਣ ਦਾ ਫੈਸਲਾ ਕੀਤਾ।

ਲੰਮੇ ਸਮੇਂ ਤੋਂ ਸਰਪੰਚੀ ਦੇ ਸੁਪਨੇ ਸਜਾਈ ਬੈਠੇ ਸਰਪੰਚੀ ਦੇ ਦਾਅਵੇਦਾਰਾਂ ਲਈ ਬੁਰੀ ਖ਼ਬਰ, ਕਈਆਂ ਦਾ ਹੋਵੇਗਾ ਪੱਤਾ ਸਾਫ਼

ਪੰਜਾਬ ‘ਚ ਸਰਪੰਚਾਂ ਤੇ ਪੰਚਾਂ ਦੀ ਚੋਣ ਦਾ ਐਲਾਨ ਅਗਲੇ ਹਫ਼ਤੇ ਕਿਸੇ ਵੀ ਸਮੇਂ ਹੋ ਸਕਦਾ ਹੈ | ਜਿਸ ਦੀ ਸੂਬਾ ਸਰਕਾਰ ਵਲੋਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ, ਪਰ ਸਰਕਾਰ ਵਲੋਂ ਹੁਣ ਤੱਕ ਪਿੰਡਾਂ ਦੇ ਸਰਪੰਚਾਂ ਦੇ ਰਾਖਵਾਂਕਰਨ ਦੀ ਸੂਚੀ ਜਾਰੀ ਨਾ ਕੀਤੇ ਜਾਣ ਕਾਰਨ ਪਿੰਡਾਂ ‘ਚ ਉਤਸੁਕਤਾ ਦਾ ਮਾਹੌਲ ਪਾਇਆ ਜਾ ਰਿਹਾ ਹੈ |

ਪਿਛਲੇ ਸਮੇਂ ਦੌਰਾਨ ਸਰਪੰਚਾਂ ਦਾ ਰਾਖਵਾਂਕਰਨ ਬਲਾਕ ਪੱਧਰ ‘ਤੇ ਕੀਤਾ ਜਾਂਦਾ ਸੀ, ਪਰ ਇਸ ਵਾਰ ਪੰਜਾਬ ਸਰਕਾਰ ਵਲੋਂ ਸਰਪੰਚਾਂ ਦਾ ਰਾਖਵਾਂਕਰਨ ਜ਼ਿਲ੍ਹਾ ਪੱਧਰ ‘ਤੇ ਕੀਤੇ ਜਾਣ ‘ਤੇ ਸਰਪੰਚੀ ਲਈ ਇਸ ਵਾਰ ਔਰਤਾਂ ਨੂੰ ਮਰਦਾਂ ਦੇ ਮੁਕਾਬਲੇ 50 ਫ਼ੀਸਦੀ ਬਰਾਬਰਤਾ ਦਿੱਤੇ ਜਾਣ ਕਾਰਨ ਲੰਮੇ ਸਮੇਂ ਤੋਂ ਸਰਪੰਚੀ ਦੇ ਸੁਪਨੇ ਸਜਾਈ ਬੈਠੇ ਸਰਪੰਚੀ ਦੇ ਦਾਅਵੇਦਾਰਾਂ ਦਾ ਪੱਤਾ ਸਾਫ਼ ਹੋ ਸਕਦਾ ਹੈ |

ਸਰਕਾਰ ਵਲੋਂ ਇਸ ਵਾਰ ਜ਼ਿਲ੍ਹਾ ਪੱਧਰ ‘ਤੇ ਆਬਾਦੀ ਦੇ ਅਧਾਰ ‘ਤੇ ਸਰਪੰਚਾਂ ਦਾ ਰਾਖਵਾਂਕਰਨ ਸਬੰਧੀ ਬਣਾਏ ਜਾ ਰਹੇ ਰੋਸਟਰ ਨੇ ਪੁਰਾਣੇ ਰੋਸਟਰ ਦੇ ਅਧਾਰ ‘ਤੇ ਸਰਪੰਚੀ ਦੀ ਚੋਣ ਦੀ ਲੰਮੇ ਸਮੇਂ ਤੋਂ ਤਿਆਰੀ ਕਰ ਰਹੇ ਸੱਤਾਧਾਰੀ ਕਾਂਗਰਸ ਦੇ ਆਗੂਆਂ ਦੀ ਨੀਂਦ ਵੀ ਖਰਾਬ ਕਰ ਕੇ ਰੱਖ ਦਿੱਤੀ ਹੈ,

ਜੋ ਰਾਖਵਾਂਕਰਨ ਦੀ ਸੂਚੀ ਦਾ ਬੇਸਬਰੀ ਨਾਲ ਉਡੀਕ ਕਰਨ ਦੇ ਨਾਲ-ਨਾਲ ਆਪਣੇ ਆਗੂਆਂ ਤੋਂ ਆਪਣੇ ਪਿੰਡ ਦਾ ਰਾਖਵਾਂਕਰਨ ਉਨ੍ਹਾਂ ਦੇ ਅਨੁਸਾਰ ਬਣਾਈ ਰੱਖਣ ਲਈ ਅਰਜ਼ੋਈਆਂ ਕਰ ਰਹੇ ਹਨ ਤਾਂ ਕਿ ਉਨ੍ਹਾਂ ਦੀਆਂ ਸਰਪੰਚ ਬਣਨ ਦੀਆਂ ਉਮੀਦਾਂ ਬਰਕਰਾਰ ਰਹਿ ਸਕਣ |

ਉਧਰ ਦੂਜੇ ਪਾਸੇ ਭਰੋਸੇਯੋਗ ਸੂਤਰਾਂ ਅਨੁਸਾਰ ਸਰਪੰਚਾਂ ਦੇ ਰਾਖਵਾਂਕਰਨ ਦੀਆਂ ਸੂਚੀਆਂ ਅੱਜ ਜ਼ਿਲ੍ਹਾ ਪੱਧਰ ‘ਤੇ ਮੁਕੰਮਲ ਹੋ ਚੁੱਕੀਆਂ ਹਨ, ਜੋ ਕਿ ਆਉਂਦੇ ਸੋਮਵਾਰ ਤੱਕ ਜਾਰੀ ਹੋ ਸਕਦੀਆਂ ਹਨ ਤੇ ਅਗਲੇ 2 ਦਿਨਾਂ ਦੌਰਾਨ ਸੂਬਾ ਚੋਣ ਕਮਿਸ਼ਨ ਵੱਲੋਂ ਗ੍ਰਾਮ ਪੰਚਾਇਤਾਂ ਦੇ ਚੋਣਾਂ ਦੀ ਤਰੀਕ ਦਾ ਐਲਾਨ ਕਰ ਦਿੱਤਾ ਜਾਵੇਗਾ |

ਸਤਲੁਜ ਦਰਿਆ ਦਾ ਜ਼ਹਿਰੀਲਾ ਪਾਣੀ ਇਸ ਤਰਾਂ ਵੰਡ ਰਿਹਾ ਮਾਲਵੇ ਤੇ ਰਾਜਸਥਾਨ ਦੇ ਲੋਕਾਂ ਨੂੰ ਮੌਤ

ਸਤਲੁਜ ਦਰਿਆ ‘ਚ ਮਿਲ ਰਿਹਾ ਵੱਡੇ ਸ਼ਹਿਰਾਂ ਦੀਆਂ ਫੈਕਟਰੀਆਂ ਦਾ ਕੈਮੀਕਲ ਯੁਕਤ ਜ਼ਹਿਰੀਲਾ ਪਾਣੀ ਕਈ ਦਹਾਕਿਆਂ ਤੋਂ ਵਾਤਾਵਰਨ ਦਾ ਘਾਣ ਕਰਕੇ ਮਨੁੱਖੀ ਅਤੇ ਜਲਚਰ ਜੀਵਾਂ ਨੂੰ ਮੌਤ ਵੰਡ ਰਿਹਾ ਹੈ | ਪੰਜਾਬ ਸਰਕਾਰ ਦੀ ਅਣਦੇਖੀ ਤੇ ਕੌਮੀ ਗਰੀਨ ਟਿ੍ਬਿਊਨਲ  ਨੇ ਮੋਹਰ ਲਗਾਉਂਦਿਆਂ ਸਰਕਾਰ ਨੂੰ 50 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਹੈ |

ਜ਼ਿਕਰਯੋਗ ਹੈ ਕਿ ਜਲੰਧਰ, ਲੁਧਿਆਣਾ ਵਰਗੇ ਸ਼ਹਿਰਾਂ ਵਿਚ ਲੱਗੇ ਉਦਯੋਗ ਸ਼ਰ੍ਹੇਆਮ ਪ੍ਰਦੂਸ਼ਿਤ ਪਾਣੀ ਦਰਿਆਵਾਂ ਵਿਚ ਮਿਲਾ ਰਹੇ ਹਨ ਤੇ ਰਸਾਇਣ ਭਰਿਆ ਬਦਬੂਦਾਰ ਕਾਲਾ ਪਾਣੀ ਦਰਿਆਵਾਂ ਵਿਚ ਜ਼ਹਿਰ ਘੋਲ ਰਿਹਾ ਹੈ, ਹਰ ਰੋਜ਼ ਲੱਖਾਂ ਕਰੋੜਾਂ ਲੀਟਰ ਗੰਦਗੀ ਵੱਖ-ਵੱਖ ਡਰੇਨਾਂ ਅਤੇ ਨਾਲਿਆਂ ਰਾਹੀਂ ਸਤਲੁਜ ਦਰਿਆ ਨੂੰ ਪ੍ਰਦੂਸ਼ਿਤ ਕਰ ਰਹੀ ਹੈ |

ਸਤਲੁਜ ਦਰਿਆ ਦਾ ਜ਼ਹਿਰੀਲਾ ਪਾਣੀ ਜਦ ਹਰੀਕੇ ਝੀਲ ਵਿਚ ਵਿਚ ਆ ਕੇ ਮਿਲਦਾ ਹੈ ਤਾਂ ਬਿਆਸ ਦਰਿਆ ਦੇ ਸਾਫ ਪਾਣੀ ਨੂੰ ਵੀ ਗੰਦਲਾ ਕਰਦਾ ਹੈ  | ਅਨੇਕਾਂ ਵਾਰ ਜਲਚਰ ਜੀਵ ਅਤੇ ਮੱਛੀਆਂ ਸਤਲੁਜ ਦਰਿਆ ਦੇ ਜ਼ਹਿਰੀਲੇ ਪਾਣੀ ਦੀ ਭੇਟ ਚੜ੍ਹ ਚੁਕੀਆਂ ਹਨ |

ਬਿਆਸ ਦਰਿਆ ਜੋ ਸਤਲੁਜ ਦੇ ਮੁਕਾਬਲੇ ਕਾਫੀ ਹੱਦ ਤਕ ਸਾਫ਼ ਸੀ, ਵੀ 16 ਮਈ 2018 ਨੂੰ ਸ਼ੂਗਰ ਮਿੱਲ ਦੇ ਗਰਮ ਸੀਰੇ ਦੇ ਰਸਾਅ ਕਾਰਨ ਪ੍ਰਦੂਸ਼ਿਤ ਹੋ ਗਿਆ  | ਹਰ ਵਾਰ ਦੀ ਤਰ੍ਹਾਂ ਥੋੜੇ ਦਿਨ ਰੌਲਾ ਰੱਪਾ ਪੈਣ ਤੋਂ ਬਾਅਦ ਪਰਨਾਲਾ ਉਥੇ ਦਾ ਉਥੇ ਹੀ ਰਹਿ ਗਿਆ | ਜਿਸਦੀ ਹਕੀਕਤ ਸਤਲੁਜ ਦਰਿਆ ਦਾ ਕਾਲੇ ਰੰਗ ਦਾ ਰਸਾਇਣ ਯੁਕਤ ਪਾਣੀ ਦਾ ਵਹਿਣ ਅੱਜ ਵੀ ਬਿਆਨ ਕਰਦਾ ਹੈ |

ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਜਿਥੋਂ ਰਾਜਸਥਾਨ ਅਤੇ ਫਿਰੋਜ਼ਪੁਰ ਫੀਡਰ ਨਹਿਰਾਂ ਨਿਕਲਦੀਆਂ ਹਨ ਤੇ ਇਨ੍ਹਾਂ ਨਹਿਰਾਂ ਦੇ ਜ਼ਹਿਰੀਲੇ ਪਾਣੀ ਨੇ ਮਾਲਵੇ ਅਤੇ ਰਾਜਸਥਾਨ ਦੇ ਲੋਕਾਂ ਨੂੰ ਬੁਰੀ ਤਰ੍ਹਾਂ ਆਪਣੀ ਲਪੇਟ ‘ਚ ਲਿਆ ਹੈ ਤੇ ਲੋਕ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਦੇ ਸ਼ਿਕਾਰ ਹੋ ਕੇ ਮੌਤ ਦੇ ਮੰੂਹ ਵਿਚ ਜਾ ਰਹੇ ਹਨ | ਪਰੰਤੂ ਇਹ ਵਰਤਾਰਾ ਕਦ ਰੁਕੇਗਾ | ਐਨ.ਜੀ.ਟੀ.ਦੇ ਪੰਜਾਬ ਸਰਕਾਰ ਤੇ ਲਗਾਏ 50 ਕਰੋੜ ਰੁਪਏ ਦੇ ਜੁਰਮਾਨੇ ਤੋਂ ਬਾਅਦ ਕੀ ਹੁਣ ਪੰਜਾਬ ਸਰਕਾਰ ਜਾਗੇਗੀ |

ਇੱਕ ਵਾਰ ਫਿਰ ਥਿੜਕੀ ਸੁਖਬੀਰ ਬਾਦਲ ਦੀ ਜ਼ੁਬਾਨ, ਜਾਣੋ ਇਸ ਵਾਰ ਕੀ ਕਿਹਾ

ਪੋਸਟ ਮੈਟਰਿਕ ਸਕਾਲਰਸ਼ਿਪ ਦੀ ਗ੍ਰਾਂਟ ਜਾਰੀ ਨਾ ਹੋਣ ਦੇ ਰੋਸ ਵਜੋਂ ਅੱਜ ਜਲੰਧਰ ‘ਚ ਲਗਾਏ ਗਏ ਧਰਨੇ ਦੌਰਾਨ ਬਿਕਰਮ ਸਿੰਘ ਮਜੀਠੀਆ ਅਚਾਨਕ ਪੈਰ ਥਿੜਕਣ ਕਾਰਨ ਸਟੇਜ ਤੋਂ ਹੇਠਾਂ ਡਿੱਗ ਪਏ। ਭਾਵੇਂ ਕਿ ਉਹ ਜ਼ਮੀਨ ‘ਤੇ ਨਹੀਂ ਡਿੱਗੇ ਅਤੇ ਉਥੇ ਬੈਠੇ ਵਰਕਰਾਂ ਨੇ ਉਨ੍ਹਾਂ ਨੂੰ ਸੰਭਾਲ ਲਿਆ ਪਰ ਇਸ ਦੌਰਾਨ ਸਥਿਤੀ ਕਾਫੀ ਹਾਸੋ-ਹੀਣੀ ਹੋ ਗਈ।

ਇਸ ਦੇ ਨਾਲ-ਨਾਲ ਉਸ ਮੌਕੇ ਸਥਿਤੀ ਹੋਰ ਵੀ ਹਾਸੋ-ਹੀਣੀ ਹੋਈ, ਜਦੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਵੀ ਇਕ ਵਾਰ ਫਿਰ ਜੁਬਾਨ ਫਿਸਲ ਗਈ ਅਤੇ ਉਨ੍ਹਾਂ ਨੇ ਅਕਾਲੀ ਦਲ ਵਲੋਂ ਬਣਾਈਆਂ ਗਈਆਂ ਸਕੀਮਾਂ ਨੂੰ ਹੀ ਭੰਡਣਾ ਸ਼ੁਰੂ ਕਰ ਦਿੱਤਾ।

ਇਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਆਟਾ-ਦਾਲ ਦੀ ਲੋਕਾਂ ਨੂੰ ਕੋਈ ਲੋੜ ਨਹੀਂ, ਸਰਕਾਰ ਨੂੰ ਲੋਕਾਂ ਲਈ ਕੰਮਕਾਰ ਅਤੇ ਨੌਕਰੀਆਂ ਦੇਣ ਬਾਰੇ ਸੋਚਣਾ ਚਾਹੀਦਾ ਹੈ। ਜਿਕਰਯੋਗ ਹੈ ਕਿ ਆਟਾ-ਦਾਲ ਸਕੀਮ ਅਕਾਲੀ ਦਲ ਨੇ ਖੁਦ ਹੀ ਸ਼ੁਰੂ ਕੀਤੀ ਸੀ ਅਤੇ ਸੁਖਬੀਰ ਬਾਦਲ ਨੇ ਖੁਦ ਹੀ ਇਸ ਨੂੰ ਭੰਡਣਾ ਸ਼ੁਰੂ ਕਰ ਦਿੱਤਾ।

ਇਸ ਦੇ ਨਾਲ-ਨਾਲ ਸਥਿਤੀ ਉਦੋਂ ਹੋਰ ਵੀ ਹਾਸੋਹੀਣੀ ਹੋ ਗਈ ਜਦੋਂ ਬੋਲਦੇ-ਬਲਦੇ ਉਨ੍ਹਾਂ ਇਹ ਕਹਿ ਦਿੱਤਾ ਕਿ ‘‘ਅਕਾਲੀ ਦਲ ਨੂੰ ਅਸੀਂ ਖੁਦ ਹੀ ਕਮਜੋਰ ਕਰ ਲਵਾਂਗੇ ਤੁਸੀਂ ਇਸ ਦਾ ਫਿਕਰ ਨਾ ਕਰੋ, ਤੁਸੀਂ ਸਿਰਫ ਪੰਜਾਬ ਦਾ ਫਿਕਰ ਕਰੋ।’’ ਜਿਕਰਯੋਗ ਹੈ ਸੁਖਬੀਰ ਬਾਦਲ ਪਹਿਲਾਂ ਵੀ ਕਈ ਵਾਰੀ ਆਪਣੀ ਜੁਬਾਨ ਥਿੜਕਣ ਕਾਰਨ ਚਰਚਾ ਦਾ ਵਿਸ਼ਾ ਬਣ ਚੁੱਕੇ ਹਨ।

ਪੈਟਰੋਲ 5 ਰੁਪਏ ਡਿੱਗਾ, ਚੰਡੀਗੜ੍ਹ ‘ਚ ਲੱਗੀ ਮੌਜ, ਜਾਣੋ ਪੰਜਾਬ ‘ਚ ਰੇਟ

ਪਿਛਲੇ ਮਹੀਨੇ ਦੀ 18 ਤਰੀਕ ਤੋਂ ਮਿਲ ਰਹੀ ਰਾਹਤ ਨਾਲ ਹੁਣ ਤਕ ਪੈਟਰੋਲ 5.1 ਰੁਪਏ ਅਤੇ ਡੀਜ਼ਲ 3.23 ਰੁਪਏ ਸਸਤਾ ਹੋ ਚੁੱਕਾ ਹੈ। 11 ਨਵੰਬਰ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਦੀਆਂ ਕੀਮਤਾਂ ‘ਚ 16 ਪੈਸੇ ਅਤੇ ਡੀਜ਼ਲ ‘ਚ 12 ਪੈਸੇ ਦੀ ਕਟੌਤੀ ਕੀਤੀ ਹੈ।

ਇਸ ਨਾਲ ਦਿੱਲੀ ‘ਚ ਪੈਟਰੋਲ ਦੀ ਕੀਮਤ 77.73 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 12 ਪੈਸੇ ਘਟ ਕੇ 72.46 ਰੁਪਏ ਪ੍ਰਤੀ ਲਿਟਰ ਹੋ ਗਈ ਹੈ।

ਪੰਜਾਬ ਨਾਲੋਂ ਚੰਡੀਗੜ੍ਹ ‘ਚ ਪੈਟਰੋਲ ਅਤੇ ਡੀਜ਼ਲ ਬਹੁਤ ਸਸਤਾ ਮਿਲ ਰਿਹਾ ਹੈ। ਜਲੰਧਰ ‘ਚ ਪੈਟਰੋਲ ਦੀ ਕੀਮਤ ਅੱਜ 82 ਰੁਪਏ 93 ਪੈਸੇ ਅਤੇ ਡੀਜ਼ਲ ਦੀ 72 ਰੁਪਏ 25 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ।

ਅੰਮ੍ਰਿਤਸਰ ਸ਼ਹਿਰ ‘ਚ ਪੈਟਰੋਲ ਦੀ ਕੀਮਤ 83 ਰੁਪਏ 53 ਪੈਸੇ ਅਤੇ ਡੀਜ਼ਲ ਦੀ 72 ਰੁਪਏ 78 ਪੈਸੇ ਹੈ। ਲੁਧਿਆਣਾ ਸ਼ਹਿਰ ‘ਚ ਪੈਟਰੋਲ ਦੀ ਕੀਮਤ 83 ਰੁਪਏ 40 ਪੈਸੇ ਦਰਜ ਕੀਤੀ ਗਈ ਅਤੇ ਡੀਜ਼ਲ ਦੀ ਕੀਮਤ 72 ਰੁਪਏ 65 ਪੈਸੇ ਪ੍ਰਤੀ ਲਿਟਰ ਹੋ ਗਈ ਹੈ।

ਪਟਿਆਲਾ ‘ਚ ਪੈਟਰੋਲ ਦੀ ਕੀਮਤ 83 ਰੁਪਏ 33 ਪੈਸੇ ਅਤੇ ਡੀਜ਼ਲ ਦੀ ਕੀਮਤ 72 ਰੁਪਏ 59 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਮੋਹਾਲੀ ‘ਚ ਪੈਟਰੋਲ ਦੀ ਕੀਮਤ 83 ਰੁਪਏ 71 ਪੈਸੇ ਅਤੇ ਡੀਜ਼ਲ ਦੀ 72 ਰੁਪਏ 92 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ।

ਚੰਡੀਗੜ੍ਹ ਸ਼ਹਿਰ ‘ਚ ਪੈਟਰੋਲ ਦੀ ਕੀਮਤ 73 ਰੁਪਏ 42 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 68 ਰੁਪਏ 97 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਪੰਜਾਬ ‘ਚ ਪੈਟਰੋਲ-ਡੀਜ਼ਲ ਜ਼ਿਆਦਾ ਵੈਟ ਕਾਰਨ ਮਹਿੰਗੇ ਹਨ। 1 ਨਵੰਬਰ ਨੂੰ ਪੰਜਾਬ ‘ਚ ਪੈਟਰੋਲ ‘ਤੇ 35.08 ਫੀਸਦੀ ਅਤੇ ਡੀਜ਼ਲ ‘ਤੇ 16.65 ਫੀਸਦੀ ਵੈਟ ਦਰਜ ਕੀਤਾ ਗਿਆ, ਜਦੋਂ ਕਿ ਚੰਡੀਗੜ੍ਹ ‘ਚ ਪੈਟਰੋਲ ‘ਤੇ 17.47 ਫੀਸਦੀ ਅਤੇ ਡੀਜ਼ਲ ‘ਤੇ ਸਿਰਫ 9.04 ਫੀਸਦੀ ਵੈਟ ਹੈ।

ਮੌਸਮ ਦੀ ਤਾਜ਼ਾ ਜਾਣਕਾਰੀ: ਹੁਣ ਇਸ ਤਰ੍ਹਾਂ ਰਹੇਗਾ ਆਉਣ ਵਾਲੇ ਦਿਨਾਂ ‘ਚ ਪੰਜਾਬ ਦਾ ਮੌਸਮ

ਮਾਝੇ-ਦੁਆਬੇ ਚ ਹੋਈਆਂ ਬਰਸਾਤੀ ਕਾਰਵਾਈਆਂ ਸਦਕਾ, ਸੂਬੇ ਚ ਧੂੰਏਂ ਤੋਂ ਮੁਕੰਮਲ ਰਾਹਤ: ਮੀਂਹ ਤੋ ਬਾਅਦ ਅੱਜ ਤੇ ਅਗਲੇ ਕਈ ਦਿਨ ਸੂਬੇ ਚ ਮੌਸਮ ਸਾਫ਼ ਤੇ ਠੰਡਾ ਬਣਿਆ ਰਹੇਗਾ। ਠੰਢੀਆਂ ਉੱਤਰ-ਪੱਛਮੀਂ ਹਵਾਵਾਂ ਅਗਲੇ ਦੋ-ਤਿੰਨ ਦਿਨ ਤੇਜ ਰਫ਼ਤਾਰ ਨਾਲ ਵਗਣਗੀਆਂ।

ਜਿਸ ਨਾਲ ਰਹਿੰਦੇ ਖੂੰਹਦੇ ਧੂੰਏ ਤੋ ਵੀ ਰਾਹਤ ਮਿਲੇਗੀ ਤੇ ਸਾਰੇ ਸੂਬੇ ਚ ਦਿਨ ਸ਼ੁੱਧ, ਸੋਹਣੇ ਤੇ ਸੁਹਾਵਣੇ ਰਹਿਣਗੇ। ਠੰਢ ਚ ਵਾਧਾ ਹੋਣਾ ਲਾਜ਼ਮੀ ਹੈ। 18 ਨਵੰਬਰ ਦੇ ਆਸਪਾਸ ਸੂਬੇ ਦੇ ਕੁਝ ਹਿੱਸਿਆਂ ਚ ਸਵੇਰ ਸਮੇਂ ਸੀਜ਼ਨ ਦੀ ਪਹਿਲੀ ਧੁੰਦ ਛਾ ਸਕਦੀ ਹੈ ਤੇ ਰਾਤਾਂ ਦੇ ਪਾਰੇ ਚ ਹੋਰ ਗਿਰਾਵਟ ਦੀ ਉਮੀਦ ਰਹੇਗੀ।

ਜਿਕਰਯੋਗ ਹੈ ਕਿ ਬੀਤੀ ਰਾਤ ਮਨਾਲੀ ਤੇ ਕੁਫਰੀ ਚ ਸ਼ੀਜਨ ਦੀ ਪਹਿਲੀ ਤੇ ਅਗੇਤੀ ਬਰਫ਼ਬਾਰੀ ਹੋਈ। ਉੱਤਰੀ ਤੇ ਪਹਾੜਾਂ ਲਾਗੇ ਖੇਤਰਾਂ ਵਿਚ ਕੱਲ੍ਹ ਸਾਮ ਤੇ ਰਾਤੀਂ ਹਲਕੀਆਂ ਫੁਹਾਰਾਂ ਤੇ ਕੁਝ ਥਾਂਈ ਦਰਮਿਆਨੇ ਛਰਾਂਟੇ ਪਏ,

ਪਿਛਲੇ 24 ਘੰਟਿਆਂ ਦੌਰਾਨ ਦਰਜ ਮੀਂਹ ਦੇ ਅੰਕੜੇ 

  • ਪਠਾਨਕੋਟ 19.6mm
  • ਅਨੰਦਪੁਰ ਸਾਹਿਬ 17mm
  • ਸਲੇਰਾਂ 8mm
  • ਬਲਾਚੌਰ 7mm
  • ਅੰਮ੍ਰਿਤਸਰ 6.4mm
  • ਹੋਸਿਆਰਪੁਰ 6mm
  • ਗੁਰਦਾਸਪੁਰ 5.5mm
  • ਚੰਡੀਗੜ੍ਹ 5.3mm
  • ਤਰਨਤਾਰਨ 1mm

ਧੰਨਵਾਦ ਸਹਿਤ: #ਪੰਜਾਬ_ਦਾ_ਮੌਸਮ

ਕੀ ਟੁੱਟ ਚੁੱਕਾ ਹੈ ਅਕਾਲੀ ਦਲ-ਬੀਜੇਪੀ ਦਾ ਰਿਸ਼ਤਾ ?

ਬੇਅਦਬੀ ਮਾਮਲੇ ‘ਚ ਬੁਰੀ ਤਰ੍ਹਾਂ ਘਿਰੇ ਅਕਾਲੀ ਦਲ ਨੂੰ ਇਨ੍ਹਾਂ ਦਿਨਾਂ ਦੌਰਾਨ ਕਿਤੋਂ ਵੀ ਸਹਾਰਾ ਮਿਲਦਾ ਦਿਖਾਈ ਨਹੀਂ ਦੇ ਰਿਹਾ। ਹੋਰ ਤਾਂ ਹੋਰ ਉਸ ਦੇ ਗੂੜੇ ਮਿੱਤਰ ਭਾਜਪਾ ਨਾਲ ਵੀ ਉਸ ਦਾ ਰਿਸ਼ਤਾ ਹੁਣ ਘਿਓ-ਖਿੱਚੜੀ ਵਾਲਾ ਨਹੀਂ ਰਿਹਾ। ਸੱਚਾਈ ਇਹ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਭਾਜਪਾ ਦੇ ਜ਼ਿਆਦਾਤਰ ਲੀਡਰਾਂ ਨੇ ਅਕਾਲੀ ਦਲ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ।

ਇਸ ਦੀ ਤਾਜ਼ਾ ਮਿਸਾਲ ਜਲੰਧਰ ‘ਚ ਐੱਸ. ਸੀ., ਬੀ. ਸੀ. ਵਿਦਿਆਰਥੀਆਂ ਦੇ ਹੱਕ ‘ਚ ਲਗਾਏ ਗਏ ਅਕਾਲੀ ਦਲ ਦੇ ਧਰਨੇ ਦੌਰਾਨ ਵੀ ਦੇਖਣ ਨੂੰ ਮਿਲੀ। ਇਸ ਧਰਨੇ ਦੌਰਾਨ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਨੇ ਅਕਾਲੀ ਦਲ ਦੇ ਧਰਨੇ ਤੋਂ ਦੂਰੀ ਬਣਾਈ ਰੱਖੀ। ਇਥੇ ਹੀ ਬਸ ਨਹੀਂ ਅਕਾਲੀ ਦੇ ਧਰਨੇ ਦੌਰਾਨ ਉਸ ਵੱਲੋਂ ਲਗਾਏ ਗਏ ਬੈਨਰਾਂ ਉੱਤੇ ਵੀ ਭਾਜਪਾ ਦਾ ਕੋਈ ਨਾਮੋਂ-ਨਿਸ਼ਾਨ ਦਿਖਾਈ ਨਹੀਂ ਦਿੱਤਾ।

ਜ਼ਿਕਰਯੋਗ ਹੈ ਕਿ ਅਕਾਲੀ-ਭਾਜਪਾ ‘ਚ ਆਈਆਂ ਇਹ ਤਰੇੜਾਂ ਕੋਈ ਨਵੀਆਂ ਨਹੀਂ ਹਨ। ਇਸ ਤੋਂ ਪਹਿਲਾਂ ਵੀ ਇਨ੍ਹਾਂ ਦੋਹਾਂ ਦੇ ਯਾਰਾ ਨੇ ਟੁੱਟ ਜਾਣ ਦੀਆਂ ਖਬਰਾਂ ਆਉਂਦੀਆਂ ਰਹੀਆਂ ਹਨ।

ਬੀਜੇਪੀ ਦੇ ਮੰਤਰੀ ਰਹਿ ਚੁੱਕੇ ਅਨਿਲ ਜੋਸ਼ੀ ਵੱਲੋਂ ਬਿਕਰਮ ਸਿੰਘ ਮਜੀਠੀਆ ਖਿਲਾਫ ਖੋਲਿਆ ਗਿਆ ਮੋਰਚਾ ਵੀ ਪੂਰੀ ਤਰ੍ਹਾਂ ਜਗ ਜ਼ਾਹਰ ਹੈ।  ਇਸ ਦੇ ਨਾਲ-ਨਾਲ ਉਸ ਮੌਕੇ ਬੀਜੇਪੀ ਦੇ ਸੰਸਦੀ ਮਾਮਲਿਆਂ ਦੇ ਮੰਤਰੀ ਮਦਨ ਮੋਹਨ ਮਿੱਤਲ ਅਤੇ ਸਿੱਖਿਆ ਮੰਤਰੀ ਅਤੇ ਦਲਜੀਤ ਸਿੰਘ ਚੀਮਾ ਦੀ ਟਸਲਬਾਜੀ ਵੀ ਲੰਮਾਂ ਸਮਾਂ ਚਲਦੀ ਰਹੀ।

ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਅਤੇ ਹਰਜੀਤ ਸਿੰਘ ਗਰੇਵਾਲ ਵਿਚਕਾਰ ਹੋਈ ਤਕਰਾਰ ਨੇ ਵੀ ਇਸ ਗੱਠਜੋੜ ਦੀ ਤੋੜਾ-ਤੁੜਾਈ ਦੀਆਂ ਗੱਲਾਂ ਖੁਲ੍ਹੇਆਮ ਹੀ ਮੀਡੀਆ ‘ਚ ਕੀਤੀਆਂ ਸਨ।

ਉਸ ਤੋਂ ਬਾਅਦ ਉਪਰਲੀ ਲੀਡਰਸ਼ਿਪ ਨੇ ਜਿਵੇਂ ਕਿਵੇਂ ਇਸ ਕਸ਼ਮਕਸ਼ ਨੂੰ ਤਾਂ ਹੱਲ ਕਰ ਦਿੱਤਾ ਪਰ ਦੋਹਾਂ ਧੜਿਆਂ ਵਿਚਕਾਰ ਪੈਦਾ ਹੋਈ ਕੜਵਾਹਟ ਬਰਕਰਾਰ ਰਹੀ। ਇਸ ਸਭ ਨੂੰ ਦੇਖ ਕੇ ਇਉਂ ਵੀ ਪ੍ਰਤੀਤ ਹੋ ਰਿਹਾ ਹੈ ਕਿ ਹੁਣ ਟੁੱਟ ਚੁੱਕਾ ਹੈ ਅਕਾਲੀ-ਭਾਜਪਾ ਦਾ ਨਹੁੰ-ਮਾਸ ਦਾ ਰਿਸ਼ਤਾ।