ਬੁਲੇਟ ਵਾਲਿਆਂ ਨੂੰ ਪੈਣਗੇ ਪੁੱਠੇ ‘ਪਟਾਕੇ’

ਸਾਈਲੈਂਸਰ ਮਾਡੀਫਾਈ ਕਰਵਾਕੇ ਲੋਕਾਂ ਨੰੂ ਡਰਾਉਣ ਵਾਲੇ ਬੁਲੇਟ ਚਾਲਕ ਪੱਠਿਆਂ ਨੂੰ ਹੁਣ ਪਟਾਕੇ ਪੁੱਠੇ ਪੈਣਗੇ | ਹਾਈਕੋਰਟ ਨੇ ਪੁੱਛਿਆ ਹੈ ਕਿ ਅਜਿਹੇ ਮੁੰਡਿਆਂ ਨੂੰ ਆਖ਼ਰ ਜੇਲ੍ਹ ‘ਚ ਕਿਉਂ ਨਹੀਂ ਭੇਜਿਆ ਜਾਂਦਾ | ਜਸਟਿਸ ਏ.ਕੇ.ਮਿੱਤਲ ਤੇ ਜਸਟਿਸ ਅਨੂਪ ਇੰਦਰ ਸਿੰਘ ਗਰੇਵਾਲ ਦੇ ਡਿਵੀਜ਼ਨ ਬੈਂਚ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਲਤਾੜਿਆ ਹੈ ਕਿ ਬੁਲੇਟ ‘ਚੋਂ ਪਟਾਕਿਆਂ ਦੀ ਆਵਾਜ਼ਾਂ ਕਢਾਉਣ ਵਾਲਿਆਂ ਵਿਰੁੱਧ ਆਖ਼ਰ ਸਖ਼ਤੀ ਕਿਉਂ ਨਹੀਂ ਕੀਤੀ ਜਾਂਦੀ |

ਹਾਲਾਂਕਿ ਪ੍ਰਸ਼ਾਸਨ ਨੇ ਕਿਹਾ ਕਿ ਬੁਲੇਟ ‘ਚੋਂ ਪਟਾਕੇ ਵਜਾਉਣ ਵਾਲਿਆਂ ਦਾ ਪਹਿਲੀ ਵਾਰ ਫੜੇ ਜਾਣ ‘ਤੇ ਇਕ ਹਜ਼ਾਰ ਰੁਪਏ ਦਾ ਚਲਾਨ ਕੀਤਾ ਜਾਂਦਾ ਹੈ ਤੇ ਇਸ ਦੀ ਕੰਪਾਉਂਡਿੰਗ ਫ਼ੀਸ ਵਧਾਉਣ ਲਈ ਮਾਮਲਾ ਵਿਚਾਰ ਅਧੀਨ ਹੈ |

ਪ੍ਰਸ਼ਾਸਨ ਨੇ ਇਹ ਵੀ ਕਿਹਾ ਕਿ ਪਹਿਲੀ ਵਾਰ ਚਲਾਨ ਕੀਤਾ ਜਾਂਦਾ ਹੈ ਤੇ ਦੂਜੀ ਵਾਰ ਉਸੇ ਨਿਯਮ ਦੀ ਉਲੰਘਣਾ ‘ਤੇ ਵਾਹਨ ਜ਼ਬਤ ਕਰ ਲਿਆ ਜਾਂਦਾ ਹੈ, ਪਰ ਬੈਂਚ ਨੇ ਪੁੱਛਿਆ ਹੈ ਕਿ ਆਖ਼ਰ ਬੁਲੇਟ ‘ਚੋਂ ਪਟਾਕੇ ਵਜਾਉਣ ਵਾਲੇ ਚਾਲਕਾਂ ਮੋਟਰਸਾਈਕਲ ਪਹਿਲੀ ਵਾਰ ਹੀ ਕਿਉਂ ਨਹੀਂ ਜ਼ਬਤ ਕੀਤਾ ਜਾਂਦਾ ਤੇ ਦੂਜੀ ਵਾਰ ਉਲੰਘਣਾ ਕਰਨ ‘ਤੇ ਤਿੰਨ ਮਹੀਨੇ ਦੀ ਕੈਦ ਦੀ ਸਜ਼ਾ ਕਿਉਂ ਨਹੀਂ ਦਿੱਤੀ ਜਾਂਦੀ?

ਹਾਈਕੋਰਟ ਦੀ ਇਸ ਸਖ਼ਤੀ ਨਾਲ ਬੁਲੇਟ ‘ਚੋਂ ਪਟਾਕੇ ਵਜਾਉਣ ਵਾਲਿਆਂ ਦੀ ਸ਼ਾਮਤ ਆਉਣ ਦੇ ਕਰੜੇ ਸੰਕੇਤ ਮਿਲ ਗਏ ਹਨ ਪਰ ਨਾਲ ਹੀ ਉਨ੍ਹਾਂ ਦੀ ਖ਼ੈਰ ਵੀ ਨਹੀਂ ਰਹਿਣੀ, ਜਿਹੜੇ ਮਕੈਨਿਕ ਬੁਲੇਟ ਦੇ ਸਾਈਲੰਸਰ ਮਾਡੀਫਾਈ ਕਰਕੇ ਇਨ੍ਹਾਂ ਨੂੰ ਪਟਾਕਿਆਂ ਦੀ ਆਵਾਜ਼ ਨਿਕਲਣ ਯੋਗ ਬਣਾਉਂਦੇ ਹਨ |

ਪ੍ਰਸ਼ਾਸਨ ਨੇ ਹਾਈਕੋਰਟ ‘ਚ ਜਾਣਕਾਰੀ ਦਿੱਤੀ ਹੈ ਕਿ ਅਜਿਹੇ ਮਕੈਨਿਕਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ ਤੇ ਲਾਗਲੇ ਖੇਤਰਾਂ ‘ਚ ਵੀ ਪੁਲਿਸ ਦੀ ਮਦਦ ਨਾਲ ਅਜਿਹੇ ਮਕੈਨਿਕਾਂ ਨੂੰ ਜਾਗਰੂਕ ਕਰਨ ਦੀ ਪਹਿਲ ਕੀਤੀ ਜਾ ਚੁੱਕੀ ਹੈ |

ਹਾਈਕੋਰਟ ਨੇ ਫ਼ਿਲਹਾਲ ਅਗਲੀ ਸੁਣਵਾਈ ‘ਤੇ ਉਨ੍ਹਾਂ ਬੁਲੇਟ ਚਾਲਕਾਂ, ਜਿਨ੍ਹਾਂ ਦੇ ਪਟਾਕਿਆਂ ਕਾਰਨ ਚਲਾਨ ਕੱਟੇ ਗਏ ਅਤੇ ਉਨ੍ਹਾਂ ਮਕੈਨਿਕਾਂ, ਜਿਹੜੇ ਸਾਈਲੰਸਰ ਮਾਡੀਫਾਈ ਕਰਦੇ ਹਨ, ਦੀ ਜਾਣਕਾਰੀ ਤਲਬ ਕਰ ਲਈ ਹੈ | ਹਾਈਕੋਰਟ ਨੇ ਇਸ ਗੱਲ ਵੱਲ ਵੀ ਇਸ਼ਾਰਾ ਕੀਤਾ ਹੈ ਕਿ ਇਨ੍ਹਾਂ ਨੂੰ ਤਲਬ ਵੀ ਕੀਤਾ ਜਾ ਸਕਦਾ ਹੈ |

Leave a Reply

Your email address will not be published. Required fields are marked *