ਪਾਣੀ ਦੀ ਵਾਰੀ ਨੂੰ ਲੈ ਕੇ ਖੂਨ ਹੋਇਆ ਪਾਣੀ, ਸਕੇ ਭਰਾ ਨਾਲ ਕੀਤਾ ਇਹ ਕਾਰਾ

ਖੇਤ ਵਿੱਚ ਪਾਣੀ ਦੀ ਵਾਰੀ ਪਿੱਛੇ ਹੋਏ ਮਾਮੂਲੀ ਝਗੜਾ ਨੇ ਖੂਨੀ ਰੂਪ ਧਾਰਨ ਕਰ ਲਿਆ ਅਤੇ ਭਰਾ ਭਰਾ ਦੇ ਰਿਸ਼ਤੇ ਨੂੰ ਤਾਰ ਤਾਰ ਕਰ ਦਿੱਤਾ, ਇਹ ਮਾਮਲਾ , ਚੌਕੀ ਧੁਲੇਤਾ ਅਧੀਨ ਪੈਂਦੇ ਪਿੰਡ ਕਟਾਣਾ ‘ਚ ਜਿਥੇ ਖੇਤਾਂ ‘ਚ ਪਾਣੀ ਦੀ ਵਾਰੀ ਤੋਂ ਗ਼ੁੱਸੇ ‘ਚ ਆ ਕੇ ਇਕ ਵਿਅਕਤੀ ਵਲੋਂ ਆਪਣੇ ਭਰਾ ਦਾ ਕਹੀ ਮਾਰ ਕੇ ਕਤਲ ਕਰ ਦਿੱਤਾ ਗਿਆ |

ਜਾਣਕਾਰੀ ਮੁਤਾਬਿਕ ਮੰਗਤ ਸਿੰਘ ਪੁੱਤਰ ਮੋਹਨ ਸਿੰਘ ਤਿੰਨ ਭਰਾ ਹਨ ਤੇ ਉਨ੍ਹਾਂ ਤਿੰਨਾਂ ਨੂੰ ਖੇਤੀ ਲਈ ਵਾਰੀ-ਵਾਰੀ ਪਾਣੀ ਸਾਂਝੀ ਮੋਟਰ ਤੋਂ ਮਿਲਦਾ ਹੈ |ਅੱਜ ਮੰਗਤ ਸਿੰਘ ਦੀ ਪਾਣੀ ਦੀ ਵਾਰੀ ਸੀ | ਇਸ ‘ਤੇ ਜਦੋਂ ਉਸ ਨੇ ਪਾਣੀ ਦਾ ਨੱਕਾ ਮੋੜਿਆ ਤਾਂ ਉਸ ਦੇ ਭਰਾ ਚੂਹੜ ਸਿੰਘ ਉਰਫ਼ ਬੁੱਧੂ ਨੇ ਉਸ ਦਾ ਕਹੀ ਮਾਰ ਕੇ ਕਤਲ ਕਰ ਦਿੱਤਾ |

ਹਰਜੀਤ ਕੌਰ ਪਤਨੀ ਮੰਗਤ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਕਿਹਾ ਹੈ ਕਿ ਜਦੋਂ ਉਹ ਚਾਹ ਲੈ ਕੇ ਖੂਹ ‘ਤੇ ਗਈ ਤਾਂ ਚੂਹੜ ਸਿੰਘ ਮੇਰੇ ਪਤੀ ਨਾਲ ਬਹਿਸ ਕਰ ਰਿਹਾ ਸੀ ਤੇ ਗ਼ੁੱਸੇ ਵਿਚ ਉਸ ਨੇ ਕਹੀ ਨਾਲ ਮੇਰੇ ਪਤੀ ‘ਤੇ ਕਈ ਵਾਰ ਕੀਤੇ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ | ਪੁਲਿਸ ਨੇ ਇਸ ਸਬੰਧੀ ਮੁਕੱਦਮਾ ਦਰਜ ਕਰ ਲਿਆ ਹੈ |

ਇਸ ਮੌਕੇ ਰਾਜਵੀਰ ਬੋਪਾਰਾਏ ਐਸ.ਪੀ.ਡੀ., ਕੇਵਲ ਸਿੰਘ ਐਸ.ਐਸ.ਓ. ਗੁਰਾਇਆ, ਸੁਖਵਿੰਦਰਪਾਲ ਚੌਕੀ ਇੰਚਾਰਜ ਧੁਲੇਤਾ, ਹਰਜੀਤ ਸਿੰਘ ਚੌਕੀ ਇੰਚਾਰਜ ਦੁਸਾਂਝ ਕਲਾਂ ਪੁੱਜੇ ਹੋਏ ਸਨ | ਪੁਲਿਸ ਨੇ ਦੱਸਿਆ ਕਿ ਦੋਸ਼ੀ ਫ਼ਰਾਰ ਹੈ ਪਰ ਜਲਦ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ |

Leave a Reply

Your email address will not be published. Required fields are marked *