ਐਮੀ ਵਿਰਕ ਤੇ ਪੰਮੀ ਬਾਈ ਸਣੇ ਕਈ ਕਲਾਕਾਰਾਂ ਵੱਲੋਂ ਪੁਲਿਸ ਮੂਹਰੇ ‘ਸਰੰਡਰ’ !

ਅੱਜ ਪਟਿਆਲਾ ਪੁਲਿਸ ਵੱਲੋਂ ਪੰਜਾਬ ਦੇ ਉੱਘੇ ਗਾਇਕਾਂ ਤੇ ਸ਼ਹਿਰ ਦੇ ਸਾਰੇ ਡੀਜੇ ਮਾਲਕਾਂ ਨਾਲ ਬੈਠਕ ਕਰਕੇ ਗੈਂਗਸਟਰ ਤੇ ਹਥਿਆਰਾਂ ਸਬੰਧੀ ਗੀਤਾਂ ਨੂੰ ਉਤਸ਼ਾਹਤ ਨਾ ਕਰਨ ਦੀ ਅਪੀਲ ਕੀਤੀ ਹੈ। ਇਸ ਮੌਕੇ ਐਮੀ ਵਿਰਕ ਤੇ ਪੰਮੀ ਬਾਈ ਵਰਗੇ ਵੱਡੇ ਕਲਾਕਾਰ ਸ਼ਾਮਲ ਹੋਏ। ਐਮੀ ਨੇ ਕਿਹਾ ਕਿ ਉਹ ਆਪਣੇ ਕਿਸੇ ਪ੍ਰੋਗਰਾਮ ਵਿੱਚ ਅਜਿਹੇ ਗੀਤ ਨਹੀਂ ਗਾਉਣਗੇ ਪਰ ਹਾਲੇ ਅਜਿਹੇ ਗੀਤ ਚੱਲ ਰਹੇ ਹਨ, ਉਹ ਸੁਣਨੇ ਵੀ ਮਜਬੂਰੀ ਹੈ। ਉਨ੍ਹਾਂ ਆਸ ਕੀਤੀ ਕਿ ਸਮੇਂ ਦੇ ਨਾਲ-ਨਾਲ ਸਭ ਬਦਲ ਜਾਵੇਗਾ।

ਪਟਿਆਲਾ ਸੀਨੀਅਰ ਪੁਲਿਸ ਕਪਤਾਨ ਐਸ ਭੂਪਤੀ ਤੇ ਪੁਲਿਸ ਕਪਤਾਨ (ਤਫਤੀਸ਼) ਹਰਵਿੰਦਰ ਸਿੰਘ ਵਿਰਕ ਨੇ ਗੈਂਗਸਟਰਾਂ ਤੇ ਹਥਿਆਰਾਂ ਵਾਲੇ ਗੀਤਾਂ ਦੇ ਨਵੀਂ ਪੀੜ੍ਹੀ ‘ਤੇ ਪੈਂਦੇ ਗ਼ਲਤ ਪ੍ਰਭਾਵ ਬਾਰੇ ਕਲਾਕਾਰਾਂ ਤੋਂ ਸਹਿਯੋਗ ਮੰਗਿਆ।

ਗਾਇਕ ਪੰਮੀ ਬਾਈ ਨੇ ਵੀ ਗੀਤਾਂ ਵਿੱਚ ਹਥਿਆਰਾਂ ਦੇ ਰੁਝਾਨ ਦੀ ਨਿਖੇਧੀ ਕੀਤੀ। ਉਨ੍ਹਾਂ ਮਰਹੂਮ ਪਿਆਰੇ ਲਾਲ ਵਡਾਲੀ ਦੇ ਅਕਾਲ ਚਲਾਣੇ ‘ਤੇ ਦੁੱਖ ਸਾਂਝਾ ਕੀਤਾ। ਉਨ੍ਹਾਂ ਦੀ ਮੌਤ ਨੂੰ ਪੰਜਾਬੀ ਸੰਗੀਤ ਜਗਤ ਲਈ ਵੱਡਾ ਘਾਟਾ ਕਰਾਰ ਦਿੱਤਾ।

ਪੂਰੀ ਦੀ ਪੂਰੀ ਅਜੋਕੀ ਗਾਇਕੀ ਔਰਤ, ਜੱਟ, ਹਥਿਆਰਾਂ, ਆਸ਼ਕੀ ਅਤੇ ਨਸ਼ਿਆਂ ਦੁਆਲੇ ਹੀ ਘੁੰਮ ਰਹੀ ਹੈ। ਪੰਜਾਬੀ ਗਾਇਕਾਂ ਵਲੋਂ ਗੀਤਾਂ ਵਿੱਚ ਲਗਾਤਾਰ ਹਥਿਆਰਾਂ ਦਾ ਪ੍ਰਦਰਸ਼ਨ ਹਿੰਸਾ ਅਤੇ ਕਤਲੇਆਮ ਨੌਜਵਾਨ ਪੀੜ੍ਹੀ ਨੂੰ ਨਾ ਕੇਵਲ ਗੁਮਰਾਹ ਕਰ ਰਿਹਾ ਹੈ ਬਲਕਿ ਨੌਜਵਾਨਾਂ ਲਈ ਘਾਤਕ ਵੀ ਹੋ ਰਿਹਾ ਹੈ। ਦੂਜਿਆਂ ਦਾ ਜਾਨ ਲੈਣ ਲਈ ਗਾਇਕ ਨੌਜਵਾਨਾਂ ਨੂੰ ਉਕਸਾ ਰਹੇ ਹਨ।

18 ਤੋ 20 ਸਾਲ ਦੇ ਨੌਜਵਾਨਾਂ `ਤੇ ਇਹ ਜ਼ਿਆਦਾ ਪ੍ਰਭਾਵ ਪੈ ਰਿਹਾ ਹੈ। ਅਜੋਕੀ ਗਾਇਕੀ ਨੌਜਵਾਨ ਪੀੜ੍ਹੀ ਨੂੰ ਗ਼ਲਤ ਰਸਤਿਆਂ ਉਪਰ ਚੱਲਣ ਲਈ ਉਕਸਾ ਰਹੀ ਹੈ। ਅੱਜ ਤਾਂ ਨੌਜਵਾਨ ਪੀੜ੍ਹੀ ਇਹ ਗਾਇਕੀ ਬੜੇ ਚਾਅ ਅਤੇ ਜੋਸ਼ ਨਾਲ ਸੁਣ ਰਹੀ ਹੈ ਪਰ ਜਦੋਂ ਕੱਲ ਨੂੰ ਉਹਨਾਂ ਦੇ ਘਰ ਧੀ ਜੰਮ ਪਵੇਗੀ ਫਿਰ ਇਹ ਗਾਇਕੀ ਉਹਨਾਂ ਦੇ ਕੰਨਾਂ ਵਿੱਚ ਕੁੜੱਤਣ ਮਹਿਸੂਸ ਹੋਵੇਗੀ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੋਵੇਗੀ। ਫਿਰ ਸਿਰਫ ਪਛਤਾਵਾ ਵੀ ਪੱਲੇ ਰਹਿ ਜਾਵੇਗਾ।

Leave a Reply

Your email address will not be published. Required fields are marked *