ਭਾਰੀ ਮੀਂਹ ਨੇ ਤੋੜੇ ਕਿਸਾਨਾਂ ਦੇ ਹੌਂਸਲੇ, ਇਨ੍ਹਾਂ ਇਲਾਕਿਆਂ ਵਿੱਚ ਕੀਤਾ ਭਾਰੀ ਨੁਕਸਾਨ

ਇੱਥੇ ਪਏ ਮੀਂਹ ਕਾਰਨ ਮੌਸਮ ਵਿੱਚ ਠੰਢਕ ਪਰਤ ਆਈ ਹੈ। ਕੁਝ ਸ਼ਹਿਰ ਵਾਸੀ ਜਿੱਥੇ ਠੰਢ ਮੁਡ਼ ਪਰਤਣ ਕਾਰਨ ਅੱਜ ਗਰਮ ਕੱਪੜੇ ਪਹਿਨੇ ਵਿਖਾਈ ਦਿੱਤੇ, ਉੱਥੇ ਹੀ ਪਿੰਡਾਂ ਵਿੱਚ ਵਿਛੀਆਂ ਫ਼ਸਲਾਂ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ ਨਜ਼ਰ ਆਏ। ਮੌਸਮ ਵਿਭਾਗ ਅਨੁਸਾਰ ਅੱਜ ਲਗਪਗ 1.8 ਮਿਲੀਮੀਟਰ ਬਰਸਾਤ ਹੋਈ ਹੈ। ਇਸ ਨਾਲ ਕੱਲ੍ਹ ਦਾ ਵੱਧ ਤੋਂ ਵੱਧ ਤਾਪਮਾਨ 29.5 ਡਿਗਰੀ ਸੈਲਸੀਅਸ ਤੋਂ ਘਟ ਕੇ 22 ਡਿਗਰੀ ਸੈਲਸੀਅਸ ’ਤੇ ਪੁੱਜ ਗਿਆ।

ਜਾਣਕਾਰੀ ਅਨੁਸਾਰ ਅਚਾਨਕ ਮੀਂਹ ਪੈਣ ਲੱਗਿਆ ਅਤੇ ਘੰਟੇ ਦੇ ਕਰੀਬ ਪਏ ਮੀਂਹ ਕਾਰਨ ਮੌਸਮ ਠੰਢਾ ਹੋ ਗਿਆ। ਮੀਂਹ ਨਾਲ ਚੱਲੀਆਂ ਹਵਾਵਾਂ ਕਾਰਨ ਫ਼ਸਲਾਂ ਵਿਛ ਗਈਆਂ, ਜਿਸ ਕਾਰਨ ਕਿਸਾਨਾਂ ਵੱਲੋਂ ਨੁਕਸਾਨ ਹੋਣ ਦੀ ਗੱਲ ਆਖੀ ਜਾ ਰਹੀ ਹੈ। ਬੂਟਾ ਸਿੰਘ ਕੋਟਸ਼ਮੀਰ ਅਤੇ ਜਗਤਾਰ ਸਿੰਘ ਕੋਟਫੱਤਾ ਦਾ ਆਖਣਾ ਸੀ ਕਿ ਅਚਾਨਕ ਮੀਂਹ ਨਾਲ ਚੱਲੀਆਂ ਹਵਾਵਾਂ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਵਿਛ ਗਈਆਂ ਹਨ ਅਤੇ ਇਸ ਨਾਲ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਇਸ ਸਬੰਧੀ ਸਰਕਾਰ ਵੱਲੋਂ ਧਿਆਨ ਦੇਣਾ ਚਾਹੀਦਾ ਹੈ।

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਮੀਂਹ ਕਾਰਨ ਪੱਕੀਆਂ ਫ਼ਸਲਾਂ ਵਿਛ ਗਈਆਂ ਹਨ, ਜਿਸ ਕਾਰਨ ਪਿੰਡ ਗਿੱਦੜ, ਗੰਗਾ, ਨਕਾਣਾ, ਨਾਥਪੁਰਾ ਤੇ ਹੋਰ ਕਈ ਜਗ੍ਹਾ ਨੁਕਸਾਨ ਹੋਇਆ ਹੈ। ਸਰਕਾਰ ਇਸ ਨੂੰ ਕੁਦਰਤੀ ਆਫ਼ਤ ਮੰਨਦਿਆਂ ਕਿਸਾਨਾਂ ਦੇ ਇਸ ਨੁਕਸਾਨ ਸਬੰਧੀ ਮੁਆਵਜ਼ਾ ਦੇਵੇ।

ਮਾਨਸਾ : ਹਲਕੀ-ਫੁਲਕੀ ਕਿਣਮਿਣ ਨਾਲ ਚੱਲੀ ਤੇਜ਼ ਹਵਾ ਨੇ ਕਿਸਾਨਾਂ ਦੇ ਹੌਂਸਲੇ ਢਹਿ-ਢੇਰੀ ਕਰ ਦਿੱਤੇ ਹਨ। ਕੱਲ੍ਹ ਸ਼ਾਮ ਤੋਂ ਕਿਤੇ-ਕਿਤੇ ਡਿੱਗਣ ਲੱਗੀਆਂ ਹਲਕੀਆਂ ਕਣੀਆਂ ਉਸ ਵੇਲੇ ਕਿਸਾਨੀ ਲਈ ਸਿਰਦਰਦੀ ਬਣਨ ਲੱਗੀਆਂ ਜਦੋਂ ਕੁਝ ਇਲਾਕਿਆਂ ਵਿੱਚ ਕਣੀਆਂ ਦੇ ਨਾਲ ਹੀ ਤੇਜ਼ ਹਵਾ ਸ਼ੁਰੂ ਹੋ ਗਈ।

ਇਸ ਹਵਾ ਨਾਲ ਪੱਕਕੇ ਤਿਆਰ ਹੋਣ ਵਾਲੀ ਕਣਕ ਦੇ ਬੂਟੇ ਖੇਤਾਂ ਵਿੱਚ ਮੂਧੇ ਹੋਣੇ ਸ਼ੁਰੂ ਹੋ ਗਏ ਹਨ। ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਮੁੱਖ ਅਫ਼ਸਰ ਡਾ. ਪਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਮਹਿਕਮੇ ਦੇ ਮਾਹਿਰਾਂ ਵੱਲੋਂ ਪਹਿਲਾਂ ਹੀ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਸੀ ਕਿ ਉਹ ਕਣਕ ਦੀ ਫ਼ਸਲ ਨੂੰ ਅਗਲੇ ਪੂਰੇ ਹਫ਼ਤੇ ਤੱਕ ਪਾਣੀ ਦੇਣ ਤੋਂ ਬਿਲਕੁਲ ਗੁਰੇਜ਼ ਕਰਨ ਪਰ ਜਿਹੜੇ ਕਿਸਾਨਾਂ ਨੇ ਪਾਣੀ ਲਾਉਣ ਦਾ ਉਪਰਾਲਾ ਕੀਤਾ ਹੈ, ਉੱਥੇ ਕਣਕਾਂ ਧਰਤੀ ‘ਤੇ ਡਿੱਗਣ ਦੀ ਸੰਭਾਵਨਾ ਵੱਧ ਗਈ ਹੈ।

ਉਨ੍ਹਾਂ ਮੰਨਿਆ ਕਿ ਮੌਸਮ ਵਿਚਲੀ ਸਿੱਲ ਕਾਰਨ ਸਰ੍ਹੋਂ ਦੀ ਵਾਢੀ ਦਾ ਕੰਮ ਕੁਝ ਸਮੇਂ ਲਈ ਰੁਕ ਸਕਦਾ ਹੈ। ਖੇਤੀ ਮਾਹਿਰਾਂ ਦਾ ਕਹਿਣਾ ਕਿ ਇਸ ਮੀਂਹ ਨਾਲ ਅਗੇਤੀਆਂ ਕਣਕਾਂ ਹੀ ਡਿੱਗੀਆਂ ਹਨ ਜਦਕਿ ਮਾਲਵਾ ਪੱਟੀ ਵਿੱਚ ਆਮ ਤੌਰ ‘ਤੇ ਬੀਜੀਆਂ ਜਾਂਦੀਆਂ ਪਿਛੇਤੀਆਂ ਕਣਕਾਂ ਅਜੇ ਤੱਕ ਕਿਧਰੇ ਵੀ ਨਾ ਡਿੱਗਣ ਦੀ ਜਾਣਕਾਰੀ ਮਿਲੀ ਹੈ।

1 ਅਪ੍ਰੈਲ ਤੋਂ ਇਹਨਾ 6 ਬੈਂਕਾਂ ਦੇ ਚੈੱਕ ਹੋ ਜਾਣਗੇ ਬੇਕਾਰ , SBI ਨੇ ਕੀਤਾ ਅਲਰਟ

ਜੇਕਰ ਤੁਹਾਡਾ ਇਹਨਾਂ 6 ਬੈਂਕਾਂ ਵਿੱਚੋਂ ਕਿਸੇ ਵਿੱਚ ਵੀ ਅਕਾਉਂਟ ਹੈ ਜਾਂ ਕਿਸੇ ਵੀ ਬੈਂਕ ਦੇ ਚੈੱਕ ਹਨ ਤਾਂ ਸਾਵਧਾਨ ਹੋ ਜਾਓ । ਹੁਣ ਇਹ 31 ਮਾਰਚ ਦੇ ਬਾਅਦ ਯਾਨੀ 1 ਅਪ੍ਰੈਲ ਤੋਂ ਬੇਕਾਰ ਹੋ ਜਾਣਗੇ । ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡਿਆ ( ਏਸਬੀਆਈ ) ਨੇ ਇਹ ਅਲਰਟ ਜਾਰੀ ਕੀਤਾ ਹੈ । ਅਜਿਹੇ ਵਿੱਚ ਛੇਤੀ ਤੋਂ ਛੇਤੀ ਨਵੀਂ ਚੈੱਕ ਬੁੱਕ ਲੈ ਲਓ । ਤੁਹਾਡੇ ਕੋਲ ਬਸ ਕੁੱਝ ਹੀ ਦਿਨ ਬਾਕੀ ਹਨ , ਨਹੀਂ ਤਾਂ ਤੁਹਾਡੇ ਕਈ ਟਰਾਂਜੈਕਸ਼ਨ ਰੁੱਕ ਸਕਦੇ ਹਨ ।

ਕਿਹੜੇ ਹਨ ਇਹ 6 ਬੈਂਕ

ਇਹਨਾਂ ਬੈਂਕਾਂ ਵਿੱਚ ਐੱਸਬੀਆਈ ਦੇ 5 ਐੱਸਸੋਸਿਏਟਸ ਬੈਂਕ ਸਟੇਟ ਬੈਂਕ ਆਫ ਬੀਕਾਨੇਰ ਐਂਡ ਜੈਪੁਰ , ਸਟੇਟ ਬੈਂਕ ਆਫ ਹੈਦਰਾਬਾਦ , ਸਟੇਟ ਬੈਂਕ ਆਫ ਮੈਸੂਰ , ਸਟੇਟ ਬੈਂਕ ਆਫ ਪਟਿਆਲਾ , ਸਟੇਟ ਬੈਂਕ ਆਫ ਤਰਾਵਣਕੋਰ ਅਤੇ ਇੱਕ ਭਾਰਤੀ ਮਹਿਲਾ ਬੈਂਕ ਸ਼ਾਮਿਲ ਹਨ । ਇਹਨਾਂ 6 ਬੈਂਕਾਂ ਦਾ ਐੱਸਬੀਆਈ ਵਿੱਚ ਮਰਜ ਹੋ ਚੁੱਕਿਆ ਹੈ ।

ਨਵੀਂ ਚੈੱਕ ਬੁੱਕ ਲਈ ਅਪਲਾਈ ਕਰੋ

ਐੱਸਬੀਆਈ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਦੇ 5 ਐਸੋਸਿਏਟਸ ਬੈਂਕਾਂ ਅਤੇ ਭਾਰਤੀ ਮਹਿਲਾ ਬੈਂਕ ਦੇ ਚੈੱਕ 31 ਮਾਰਚ ਦੇ ਬਾਅਦ ਵੈਲਿਡ ਨਹੀਂ ਰਹਿਣਗੇ । ਬੈਂਕ ਨੇ ਗ੍ਰਾਹਕਾਂ ਨੂੰ ਨਵੀਂ ਚੈੱਕ ਬੁੱਕ ਲਈ ਅਪਲਾਈ ਕਰਨ ਲਈ ਕਿਹਾ ਹੈ ।

31 ਮਾਰਚ ਤੱਕ ਚਲੇਂਗੀ ਇਹ ਚੈੱਕ ਬੁੱਕ

ਮਰਜ ਦੇ ਬਾਅਦ ਪੁਰਾਣੇ ਏਸੋਸਿਏਟ ਬੈਂਕਾਂ ਅਤੇ ਭਾਰਤੀ ਮਹਿਲਾ ਬੈਂਕ ਦੀ ਚੈੱਕ ਬੁੱਕ 30 ਸਤੰਬਰ ,2017 ਤੱਕ ਇਨਵੈਲਿਡ ਹੋਣੀ ਸੀ , ਪਰ ਇਹਨਾਂ ਦੀ ਵੈਲਿਡਿਟੀ ਵਧਾ ਦਿੱਤੀ ਸੀ ।

ਐੱਸਬੀਆਈ ਨੇ ਵੇਬਸਾਈਟ ਟਵਿਟਰ ਉੱਤੇ ਜਾਰੀ ਪੋਸਟ ਵਿੱਚ ਕਿਹਾ , ‘ਸਾਰੇ ਪੁਰਾਣੇ ਏਸੋਸਿਏਟ ਬੈਂਕ ਅਤੇ ਭਾਰਤੀ ਮਹਿਲਾ ਬੈਂਕ ਦੇ ਗ੍ਰਾਹਕ ਲਈ 31 ਮਾਰਚ , 2018 ਤੱਕ ਏਸਬੀਆਈ ਦੀ ਚੈੱਕ ਬੁੱਕ ਲਈ ਅਪਲਾਈ ਕਰਨ ਲਈ ਕਿਹਾ ਜਾਂਦਾ ਹੈ । 31 ਮਾਰਚ , 2018 ਦੇ ਬਾਅਦ ਪੁਰਾਣੀ ਚੈੱਕਬੁੱਕ ਇਨਵੈਲਿਡ ਹੋ ਜਾਵੇ

ਕੇਜਰੀਵਾਲ ਨੂੰ ਕੀ ਹੋ ਗਿਆ ? ਹੁਣ ਇਹਨਾਂ ਤੋਂ ਵੀ ਮੰਗੀ ਮੁਆਫ਼ੀ

ਮਾਨਹਾਨੀ ਦੇ ਕਈ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਅਰਵਿੰਦ ਕੇਜਰੀਵਾਲ ਨੇ ਅਕਾਲੀ ਨੇਤਾ ਬਿਕਰਮ ਮਜੀਠੀਆ ਤੋਂ ਮੁਆਫ਼ੀ ਮੰਗਣ ਤੋਂ ਬਾਅਦ ਹੁਣ ਕੇਂਦਰੀ ਮੰਤਰੀ ਨਿਤਿਨ ਗਡਕਰੀ ਤੋਂ ਵੀ ਮੁਆਫ਼ੀ ਮੰਗ ਲਈ ਹੈ। ਕੇਜਰੀਵਾਲ ਨੇ ਗਡਕਰੀ ਨੂੰ ਪੱਤਰ ਲਿਖ ਕੇ ਆਪਣੇ ਬਿਆਨ ਲਈ ਮੁਆਫ਼ੀ ਮੰਗੀ ਅਤੇ ਕੇਸ ਬੰਦ ਕਰਨ ਦੀ ਬੇਨਤੀ ਕੀਤੀ ਹੈ।

ਦੋਵਾਂ ਨੇਤਾਵਾਂ ਨੇ ਆਪਸੀ ਸਹਿਮਤੀ ਨਾਲ ਕੇਸ ਬੰਦ ਕਰਨ ਲਈ ਕੋਰਟ ਵਿਚ ਅਰਜ਼ੀ ਦਾਇਰ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮਜੀਠੀਆ ਕੋਲੋਂ ਮੁਆਫ਼ੀ ਮੰਗਣ ਦੇ ਕਾਰਨ ਪਹਿਲਾਂ ਹੀ ਪਾਰਟੀ ਪੰਜਾਬ ਯੁਨਿਟ ਵਲੋਂ ਬਗਾਵਤ ਦਾ ਸਾਹਮਣਾ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਭਾਰਤ ਦੇ ਸਭ ਤੋਂ ਭ੍ਰਿਸ਼ਟ ਲੋਕਾਂ ਦੀ ਸੂਚੀ ਵਿਚ ਨਿਤਿਨ ਗਡਕਰੀ ਦੀ ਸ਼ਮੂਲਿਅਤ ਦੀ ਗੱਲ ਕਹੀ ਸੀ। ਇਸ ਟਿੱਪਣੀ ਤੋਂ ਨਰਾਜ਼ ਹੋ ਕੇ ਭਾਜਪਾ ਨੇ ਸੀਨੀਅਰ ਨੇਤਾ ਨੇ ਉਨ੍ਹਾਂ ‘ਤੇ ਮਾਨਹਾਨੀ ਦਾ ਕੇਸ ਦਾਇਰ ਕਰ ਦਿੱਤਾ ਸੀ।

ਕੇਜਰੀਵਾਲ ਨੇ ਪੱਤਰ ਵਿਚ ਲਿਖਿਆ ਕਿ ਮੇਰੀ ਤੁਹਾਡੇ ਨਾਲ ਕੋਈ ਵਿਅਕਤੀਗਤ ਰੰਜਿਸ਼ ਨਹੀਂ ਹੈ। ਮੈਂ ਆਪਣੇ ਦਿੱਤੇ ਗਏ ਬਿਆਨਾਂ ਲਈ ਅਫਸੋਸ ਜ਼ਾਹਿਰ ਕਰਦਾ ਹਾਂ। ਫਿਲਹਾਲ ਕੇਜਰੀਵਾਲ ‘ਤੇ ਦਿੱਲੀ ਦੀ ਇਕ ਅਦਾਲਤ ‘ਚ ਅਰੁਣ ਜੇਤਲੀ ‘ਤੇ ਵੀ ਇਤਰਾਜ਼ਯੋਗ ਟਿੱਪਣੀ ਕਰਨ ਦੇ ਕਾਰਨ ਮਾਨਹਾਨੀ ਦਾ ਕੇਸ ਚਲ ਰਿਹਾ ਹੈ।

ਮੀਡੀਆ ਰਿਪੋਰਟ ਅਨੁਸਾਰ ਦਿੱਲੀ ਦੇ ਮੁੱਖ ਮੰਤਰੀ ਨੇ ਕਪਿਲ ਸਿੱਬਲ ਅਤੇ ਉਸਦੇ ਬੇਟੇ ਅਮਿਤ ਸਿੱਬਲ ਤੋਂ ਵੀ ਆਪਣੇ ਬਿਆਨਾਂ ਲਈ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਕੇਜਰੀਵਾਲ ਨੇ ਸਾਲ 2013 ਵਿਚ ਇਕ ਪ੍ਰੈੱਸ ਕਾਨਫਰੈਂਸ ਵਿਚ ਅਮਿਤ ਸਿੱਬਲ ‘ਤੇ ਵਿਅਕਤੀਗਤ ਲਾਭ ਲਈ ਸ਼ਕਤੀਆਂ ਦੀ ਦੁਰਵਰਤੋਂ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਹ ਉਸ ਸਮੇਂ ਵਿਚ ਇਕ ਦੂਰਸੰਚਾਰ ਕੰਪਨੀ ਦੀ ਤਰਫੋਂ ਸੁਪਰੀਮ ਕੋਰਟ ਵਿਚ ਪੇਸ਼ ਹੋਇਆ ਸੀ ਜਦੋਂ ਉਸ ਦੇ ਪਿਤਾ ਕਪਿਲ ਸਿੱਬਲ ਕੇਂਦਰੀ ਸੰਚਾਰ ਮੰਤਰੀ ਸਨ।

ਕੇਜਰੀਵਾਲ ਨੇ ਖੁਦ ਸਾਰੇ ਹਾਲਾਤ ਉੱਪਰ ਚਾਨਣਾ ਪਾਉਂਦਿਆਂ ਕਿਹਾ ਕਿ ਉਨ੍ਹਾਂ ਉੱਪਰ ਮਾਣਹਾਨੀ ਦੇ 33 ਕੇਸ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਚਲਦੇ ਸਨ | ਇਨ੍ਹਾਂ ਮਾਮਲਿਆਂ ਲਈ ਵੀ ਉਹ ਮੁਆਫ਼ੀ ਮੰਗਣਾ ਚਾਹੁੰਦੇ ਹਨ।

ਸੰਕਟ ਦੇ ਬਾਵਜੂਦ ਪੰਜਾਬ ਦਾ ਖੇਤੀਬਾੜੀ ਵਿੱਚ ਦਬਦਬਾ ਕਾਇਮ

ਪੰਜਾਬ ਦੀ ਕਿਸਾਨੀ ਦਾ ਬੇਸ਼ੱਕ ਬੁਰਾ ਹਾਲ ਹੈ ਪਰ ਸੂਬਾ ਫਿਰ ਵੀ ਦੇਸ਼ ਦੇ ਅਨਾਜ ਭੰਡਾਰ ਵਿੱਚ ਸਭ ਤੋਂ ਵੱਡਾ ਯੋਗਦਾਨ ਪਾ ਰਿਹਾ ਹੈ। ਇਸ ਕਰਕੇ ਹੀ ਪੰਜਾਬ ਨੂੰ 2015-16 ਦਾ ਕ੍ਰਿਸ਼ੀ ਕਰਮਨ ਪੁਰਸਕਾਰ ਮਿਲਿਆ ਹੈ। ਇਹ ਪੁਰਸਕਾਰ ਦੇਸ਼ ਭਰ ਵਿੱਚੋਂ ਅਨਾਜ ਦੀ ਪੈਦਾਵਾਰ ਵਿੱਚ ਵਾਧਾ ਕਰਨ ਕਰਕੇ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ ਹੈ।

ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸ਼ਨੀਵਾਰ ਨੂੰ ਇਹ ਪੁਰਸਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਨਵੀਂ ਦਿੱਲੀ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਹਾਸਲ ਕੀਤਾ।

ਕੇਂਦਰ ਸਰਕਾਰ ਵੱਲੋਂ ਦੇਸ਼ ਦੀ ਅੰਨ ਪੈਦਾਵਾਰ ਵਧਾਉਣ ਦੇ ਖੇਤਰ ਵਿੱਚ ਹਰ ਵਰ੍ਹੇ ਦਿੱਤਾ ਜਾਂਦੇ ਕ੍ਰਿਸ਼ੀ ਕਰਮਨ ਪੁਰਸਕਾਰ ਪ੍ਰਾਪਤ ਕਰਨ ਵਾਲੇ ਸੂਬੇ ਨੂੰ ਦੋ ਕਰੋੜ ਰੁਪਏ ਦੀ ਰਾਸ਼ੀ ਦੇ ਨਾਲ-ਨਾਲ ਇੱਕ ਯਾਦਗਾਰੀ ਤਖਤੀ ਤੇ ਤਾਮਰ ਪੱਤਰ ਵੀ ਦਿੱਤਾ ਜਾਂਦਾ ਹੈ।

ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਕਿਸਾਨਾਂ ਦੀ ਸਖ਼ਤ ਮਿਹਨਤ ਸਦਕਾ ਪੰਜਾਬ ਨੂੰ ਸਦਾ ਹੀ ਮੁਲਕ ਦਾ ਅੰਨ ਭੰਡਾਰ ਹੋਣ ਦਾ ਮਾਣ ਮਿਲਦਾ ਰਿਹਾ ਹੈ। ਬਾਜਵਾ ਨੇ ਕਿਹਾ ਕਿ ਖੇਤੀਬਾੜੀ ਸੈਕਟਰ ਦੇਸ਼ ਵਿੱਚ ਕੋਈ ਲਾਭਦਾਇਕ ਸੈਕਟਰ ਨਹੀਂ ਕਿਉਂਕਿ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦਾ ਫ਼ੈਸਲਾ ਹੁਣ ਵੀ ਪੁਰਾਣੇ ਫਾਰਮੂਲੇ ਦੇ ਆਧਾਰ ’ਤੇ ਕੀਤਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੋਰਨਾਂ ਸੂਬਿਆਂ ਦੇ ਮੁਕਾਬਲੇ ਖੇਤੀਬਾੜੀ ’ਤੇ ਲਾਗਤ ਖਰਚਾ ਜ਼ਿਆਦਾ ਆਉਂਦਾ ਹੈ, ਜਿਸ ਦਾ ਕੇਂਦਰੀ ਕਮਿਸ਼ਨ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਨ ਮੌਕੇ ਧਿਆਨ ਨਹੀਂ ਰੱਖਿਆ ਜਾਂਦਾ।

ਉਨ੍ਹਾਂ ਕਿਹਾ ਕਿ ਸੋਕੇ ਦੇ ਮਾਇਨੇ ਵੀ ਪੰਜਾਬ ਵਿੱਚ ਵੱਖਰੇ ਹਨ ਤੇ ਫਸਲਾਂ ਦੀ ਸਿੰਜਾਈ ਉਪਰ ਹੋਰ ਸੂਬਿਆਂ ਦੇ ਮੁਕਾਬਲੇ ਵੱਧ ਖਰਚਾ ਆਂਉਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹੋਰ ਵੀ ਬਹੁਤ ਸਾਰੇ ਪਹਿਲੂ ਹਨ, ਜਿਨ੍ਹਾਂ ਨੂੰ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਨ ਸਮੇਂ ਕੇਦਰੀ ਕਮਿਸ਼ਨ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।

ਬਾਜਵਾ ਨੇ ਦੇਸ਼ ਦੇ ਕਿਸਾਨਾਂ ਨੂੰ ਬਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ।

ਉਨ੍ਹਾਂ ਨਾਲ ਹੀ ਇਹ ਵੀ ਮੰਗ ਕੀਤੀ ਕਿ ਫਸਲੀ ਵਿਭਿੰਨਤਾ ਨੂੰ ਕਾਮਯਾਬ ਕਰਨ ਲਈ ਵੇਚ ਵੱਟ (ਮਾਰਕੀਟਿੰਗ) ਲਈ ਕੌਮੀ ਨੀਤੀ ਬਣਾਉਣ ਦੀ ਸਖ਼ਤ ਜ਼ਰੂਰਤ ਹੈ ਤਾਂ ਹੀ ਦੇਸ਼ ਵਿੱਚ ਵਿਭਿੰਨਤਾ ਸਫ਼ਲ ਹੋ ਸਕਦੀ ਹੈ। ਉਨ੍ਹਾਂ ਕੇਂਦਰ ਤੋਂ ਮੰਗ ਕੀਤੀ ਕਿ ਪੰਜਾਬ ਵਿੱਚ ਕਰਜ਼ੇ ਦੇ ਭਾਰ ਕਾਰਨ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਲਈ ਕਰਜ਼ਾ ਮੁਕਤੀ ਸਕੀਮ ਦਾ ਐਲਾਨ ਕੀਤਾ ਜਾਵੇ।

Jio ਨੇ ਲਾਂਚ ਕੀਤਾ ਨਵਾਂ JioFi ਡੀਵਾਇਸ, 7 ਸਕਿੰਟ ‘ਚ ਡਾਊਨਲੋਡ ਹੋਵੇਗੀ ਫ਼ਿਲਮ

ਰਿਲਾਇੰਸ ਜੀਓ ਨੇ ਅਪਣੀ ਹਾਟਸਪਾਟ ਡੀਵਾਇਸ JioFi ਦਾ ਨਵਾਂ ਵੈਰੀਐਂਟ ਲਾਂਚ ਕਰ ਦਿਤਾ ਹੈ। ਇਸ ਦਾ ਮਾਡਲ ਨੰਬਰ JioFi JMR815 ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਡੀਵਾਇਸ ਨਾਲ ਯੂਜ਼ਰ ਨੂੰ 150Mbps ਦੀ ਡਾਊਨਲੋਡ ਸਪੀਡ ਮਿਲੇਗੀ।

ਯਾਨੀ ਜੇਕਰ ਕੋਈ ਫ਼ਿਲਮ 1GB ਕੀਤੀ ਹੈ ਤਾਂ ਉਹ ਸਿਰਫ਼ 7 ਸਕਿੰਟ ‘ਚ ਹੀ ਡਾਊਨਲੋਡ ਹੋ ਜਾਵੇਗੀ। ਇਹ JioFi 3000mAh ਦੀ ਪਾਵਰਫੁਲ ਬੈਟਰੀ ਨਾਲ ਲੈਸ ਹੈ। ਜਿਸ ਨਾਲ ਨਾਨਸਟਾਪ 8 ਘੰਟੇ ਤਕ 4G ਸਪੀਡ ‘ਚ ਇੰਟਰਨੈੱਟ ਐਕਸੈੱਸ ਕੀਤਾ ਜਾ ਸਕਦਾ ਹੈ।

ਕੀਮਤ ਸਿਰਫ਼ 999 ਰੁਪਏ

ਰਿਲਾਇੰਸ ਜੀਓ ਨੇ ਇਸ ਡੀਵਾਇਸ ਨੂੰ ਈ-ਕਾਮਰਸ ਵੈੱਬਸਾਈਟ ਫ਼ਲਿੱਪਕਾਰਟ ‘ਤੇ ਸੇਲ ਕਰ ਰਹੀ ਹੈ। ਇਸ ਦੀ ਕੀਮਤ 999 ਰੁਪਏ ਹੈ। ਡਲਿਵਰੀ ਦਾ ਕੋਈ ਚਾਰਜ ਨਹੀਂ ਲਿਆ ਜਾ ਰਿਹਾ ਹੈ। ਇਸ ਨੂੰ ‘ਨੋ ਕੋਸਟ EMI’ ‘ਤੇ ਵੀ ਖ਼ਰੀਦਿਆ ਜਾ ਸਕਦਾ ਹੈ।

ਫ਼ਲਿੱਪਕਾਰਟ ਇਸ ਡੀਵਾਇਸ ਡਲਿਵਰੀ ਭੋਪਾਲ ਸ਼ਹਿਰ ‘ਚ ਸਿਰਫ਼ 2 ਦਿਨ ‘ਚ ਕਰ ਰਹੀ ਹੈ। ਉਥੇ ਹੀ ਦਿੱਲੀ ਅਤੇ ਮੁੰਬਈ ਜਿਵੇਂ ਮੈਟਰੋ ਸ਼ਹਿਰ ‘ਚ ਇਕ ਦਿਨ ‘ਚ ਹੀ ਡਲਿਵਰੀ ਕੀਤੀ ਜਾਵੇਗੀ।

ਇਸ ਡੀਵਾਇਸ ਦਾ ਸਰਕਲ ਦਾ ਡਿਜ਼ਾਇਨ ਦਿਤਾ ਗਿਆ ਹੈ। ਇਸ ‘ਚ 2 ਬਟਨ ਹਨ ਜਿਸ ‘ਚ ਇਕ ਪਾਵਰ ਅਤੇ ਦੂਜਾ WPS ਦਾ ਹੈ। ਉਥੇ ਹੀ ਸਾਈਡ ‘ਚ ਵਾਈ- ਫ਼ਾਈ, ਨੈੱਟਵਰਕ ਅਤੇ ਬੈਟਰੀ ਦਾ LED ਡਿਸਪਲੇ ਦਿਤਾ ਗਿਆ ਹੈ। ਹੇਠਾਂ ਦੀ ਤਰਫ਼ ਮਾਈਕਰੋ USB ਪੋਰਟ ਹੈ। ਜਿਸ ਨਾਲ ਡੀਵਾਇਸ ਨੂੰ ਚਾਰਜ ਕੀਤਾ ਜਾ ਸਕਦਾ ਹੈ। ਡੀਵਾਇਸ ‘ਚ 64GB ਦਾ ਮੈਮਰੀ ਕਾਰਡ ਲਗਾ ਸਕਦੇ ਹਨ।

ਵਾਇਸ – ਵੀਡੀਉ ਕਾਨਫ਼ਰੈਂਸ ਕਾਲ

ਇਸ ਤੋਂ ਜੀਓ 4G ਨੈੱਟਵਰਕ ਦੀ ਮਦਦ ਨਾਲ ਵਾਇਸ ਅਤੇ ਵੀਡੀਉ ਕਾਲ ਕੀਤੀ ਜਾ ਸਕਦੀ ਹੈ। ਇਹ ਡੀਵਾਇਸ 5+1 ਆਡੀਊ ਅਤੇ 3+1 ਵੀਡੀਉ ਕਾਨਫ਼ਰੈਂਸ ਕਾਲ ਨੂੰ ਵੀ ਸਪੋਰਟ ਕਰਦੀ ਹੈ। ਇਸ ਨਾਲ ਇੱਕਠੇ ਟੈਬਲੇਟ, 4G ਸਮਾਰਟਫ਼ੋਨ, ਲੈਪਟਾਪ, 2G / 3G ਫ਼ੋਨ, CCTV ਕੈਮਰਾ, ਸਮਾਰਟ ਟੀਵੀ ਸਮੇਤ ਕੁਲ 31 ਡੀਵਾਇਸ ਨੂੰ ਜੋੜਿਆ ਜਾ ਸਕਦਾ ਹੈ।

ਖਾਰੇ ਪਾਣੀ ਵਿੱਚ ਵੀ 38 ਕੁਇੰਟਲ ਝਾੜ ਦਿੰਦੀ ਹੈ ਝੋਨੇ ਦੀ ਇਹ ਨਵੀਂ ਕਿਸਮ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ 23 ਅਤੇ 24 ਮਾਰਚ ਨੂੰ ਦੋ ਰੋਜ਼ਾ ਕਿਸਾਨ ਮੇਲਾ ਲਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਬੀਜ ਮਾਹਿਰ ਹਰਦਿਆਲ ਸਿੰਘ ਬਰਾੜ ਅਤੇ ਹਰਵਿੰਦਰ ਸਿੰਘ ਬਰਾੜ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਝੋਨੇ ਦੀ ਨਵੀਂ ਕਿਸਮ ਬੀ. ਆਰ. 105 ਲਿਆਂਦੀ ਜਾ ਰਹੀ ਹੈ, ਇਹ ਇਕ ਰਿਸਰਚ ਵਰਾਇਟੀ ਹੈ, ਇਹ ਕਿਸਮ ਪੂਸਾ-44 ਤੋਂ 5 ਤੋਂ 7 ਦਿਨ ਪਹਿਲਾਂ ਪਕਦੀ ਹੈ।

ਇਸ ਨੂੰ ਪੂਸਾ-44 ਦੇ ਮੁਕਾਬਲੇ ਖਾਦ ਵੀ ਘੱਟ ਪਾਉਣੀ ਪੈਂਦੀ ਹੈ। ਇਹ ਕਿਸਮ ਹਰ ਤਰ੍ਹਾਂ ਦੀ ਜ਼ਮੀਨ ਤੇ ਹਰ ਤਰ੍ਹਾਂ ਦੇ ਪਾਣੀ ਵਿਚ ਹੋ ਸਕਦੀ ਹੈ। ਇਹ ਕਿਸਮ ਝੁਲਸ ਰੋਗ ਦੀਆਂ ਪੰਜਾਬ ਵਿਚ ਪਾਈਆਂ ਜਾਂਦੀਆਂ 10 ਬੀਮਾਰੀਆਂ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਕਿਸਮ ਤੇ ਪੂਸਾ-44 ਦੇ ਮੁਕਾਬਲੇ ਖਰਚਾ ਵੀ ਬਹੁਤ ਘੱਟ ਆਉਂਦਾ ਹੈ। ਇਸ ਦਾ ਕੱਦ 105 ਸੈ. ਮੀ. ਤੱਕ ਹੁੰਦਾ ਹੈ। ਇਸ ਦਾ ਤਣਾ ਮਜ਼ਬੂਤ ਹੋਣ ਕਰਕੇ ਇਹ ਕਿਸਮ ਡਿਗਦੀ ਨਹੀਂ। ਇਸ ਦਾ ਫੁਟਾਰਾ ਬਹੁਤ ਹੁੰਦਾ ਹੈ।

ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਇਸ ਕਿਸਮ ਦਾ ਝਾੜ 32 ਤੋਂ ਲੈ ਕੇ 38 ਕੁਇੰਟਲ ਪ੍ਰਤੀ ਏਕੜ ਤੱਕ ਨਿਕਲਿਆ ਹੈ। ਇਹ ਕਿਸਮ 145 ਦਿਨਾਂ ਵਿਚ ਸਮੇਤ ਪਨੀਰੀ ਪੱਕ ਕੇ ਤਿਆਰ ਹੋ ਜਾਂਦੀ ਹੈ। ਪ੍ਰੋ. ਬਰਾੜ ਨੇ ਦੱਸਿਆ ਕਿ ਇਸ ਤੋਂ ਇਲਾਵਾ ਝੋਨੇ ਦੀਆਂ ਹੋਰ ਕਿਸਮਾਂ ਪੂਸਾ-44 ਫਾਊਂਡੇਸ਼ਨ ਬੀਜ ਕਰਨਾਲ ਵਾਲਾ, ਪੀ. ਆਰ. 121, ਪੀ . ਆਰ. 122, ਪੀ. ਆਰ. 123, ਪੀ. ਆਰ-124, ਪੀ. ਆਰ-126 ਵੀ ਸਟੋਰ ‘ਤੇ ਉਪਲੱਬਧ ਹੋਣਗੀਆਂ।

ਉਨ੍ਹਾਂ ਦੱਸਿਆ ਕਿ ਇਸ ਸਾਲ ਪੀ. ਏ. ਯੂ. ਵੱਲੋਂ ਪਾਸ ਝੋਨੇ ਦੀ ਨਵੀਂ ਕਿਸਮ ਪੀ. ਆਰ.127 ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਆਈ. ਏ. ਆਰ. ਦਿੱਲੀ ਵਲੋਂ ਪਾਸ ਇਸ ਸਾਲ ਬਾਸਮਤੀ ਦੀਆਂ ਨਵੀਆਂ ਕਿਸਮਾਂ ਪੀ. ਬੀ-1718 (ਪੀ. ਬੀ 1121 ਦੀ ਸੋਧ), ਪੀ. ਬੀ. 1637 (ਪੀ. ਬੀ. 1 ਦੀ ਸੋਧ) ਤੇ ਪੀ. ਬੀ. 1728 (ਪੀ. ਬੀ. 1401 ਦੀ ਸੋਧ) ਅਤੇ ਪੀ. ਬੀ. 1121, ਪੀ.ਬੀ. 1509 ਕਿਸਮਾਂ ਵੀ ਉਪਲੱਬਧ ਹੋਣਗੀਆਂ।

ਕੇਜਰੀਵਾਲ ਦੀ ਮੁਆਫੀ ਤੋਂ ਬਾਅਦ ਹੁਣ ਅਕਾਲੀਆਂ ਨੇ ਬਣਾਈ ਨਵੀਂ ਕਿੱਕਲੀ, ਜ਼ਰੂਰ ਪੜ੍ਹੋ

ਆਮ ਆਦਮੀ ਪਾਰਟੀ (ਆਪ) ਸੋਸ਼ਲ ਮੀਡੀਆ ’ਤੇ ਹੁਣ ਜਿੱਚ ਹੋਈ ਜਾਪਦੀ ਹੈ। ਅਰਵਿੰਦ ਕੇਜਰੀਵਾਲ ਦੀ ਮੁਆਫ਼ੀ ਮਗਰੋਂ ਸੋਸ਼ਲ ਮੀਡੀਆ ’ਤੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਠਿੱਠ ਕਰਨ ਵਾਲਿਆਂ ਦਾ ਹੜ੍ਹ ਆ ਗਿਆ ਹੈ।

ਅੱਜ ਪੂਰਾ ਦਿਨ ਨਵੀਂ ‘ਕਿੱਕਲੀ’ ਛਾਈ ਰਹੀ। ਪਹਿਲਾਂ ਚੋਣਾਂ ਵੇਲੇ ਸੰਸਦ ਮੈਂਬਰ ਭਗਵੰਤ ਮਾਨ ਸਟੇਜਾਂ ’ਤੇ ‘ਕਿੱਕਲੀ’ ਪਾਉਂਦਾ ਸੀ, ਜਿਸ ਦੀ ਤਰਜ਼ ’ਤੇ ਨਵੀਂ ਕਿੱਕਲੀ ਸਾਹਮਣੇ ਆਈ ਹੈ। ਮਨਜਿੰਦਰ ਸਿੰਘ ਸਿਰਸਾ ਨੇ ਤਾਂ ਕਿੱਕਲੀ ਦਾ ਪੋਸਟਰ ਬਣਾ ਕੇ ਸੋਸ਼ਲ ਮੀਡੀਆ ’ਤੇ ਪਾ ਦਿੱਤਾ ਹੈ।

ਨਵੀਂ ਕਿੱਕਲੀ ਕਿਸ ਦੀ ਰਚਨਾ ਹੈ, ਇਹ ਤਾਂ ਪਤਾ ਨਹੀਂ, ਪਰ ਕਿੱਕਲੀ ਦੇਖਣ ਵਾਲਿਆਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ। ਟਿੱਚਰਾਂ ਤੋਂ ਇਲਾਵਾ ਪਰਵਾਸੀ ਪੰਜਾਬੀਆਂ ਨੂੰ ਮਿਹਣੇ ਵੀ ਮਾਰੇ ਜਾ ਰਹੇ ਹਨ। ਨਵੀਂ ਕਿੱਕਲੀ ਏਦਾਂ ਦੀ ਹੈ, ‘‘ਕਿਕਲੀ ਕਰੀਰ ਦੀ, ਮਾਫ਼ੀ ਵੱਡੇ ਵੀਰ ਦੀ, ਦਿੱਲੀਓਂ ਮੰਗਾਈ ਦੀ, ਚਿੱਠੀ ’ਚ ਲਿਖਾਈ ਦੀ, ਨਹੀਂ ਕਿਸੇ ਨੂੰ ਪੜ੍ਹਾਈ ਦੀ, ਸਿੱਧੀ ਕੋਰਟ ’ਚ ਪਹੁੰਚਾਈ ਦੀ।’’ ਕਿਸੇ ਨੇ ਕਿੱਕਲੀ ਦੀ ਗੱਲ ਕਰਕੇ ਭਗਵੰਤ ਮਾਨ ’ਤੇ ਨਿਸ਼ਾਨਾ ਲਾਇਆ ਹੈ।

ਬਹੁਤੇ ਲੋਕ ਕੇਜਰੀਵਾਲ ਦੇ ਅਗਰਵਾਲ ਭਾਈਚਾਰੇ ਨੂੰ ਨਿਸ਼ਾਨਾ ਬਣਾ ਰਹੇ ਹਨ। ੳੁਨ੍ਹਾਂ ਲਿਖਿਆ ਹੈ, ‘‘ਚੰਗਾ ਹੋਇਆ, ਲਾਲਾ ਜੀ ਦਾ ਰੂਪ ਸਾਹਮਣੇ ਆ ਗਿਆ।’’ ਇੱਕ ਨੇ ਲਿਖਿਆ, ‘‘ਆਪ ਦਾ ਖੜਕ ਰਿਹਾ ਏ ਪਤੀਲਾ, ਝਾੜੂ ਹੋ ਕੇ ਰਹੂਗਾ ਤੀਲਾ ਤੀਲਾ।’’

ਦੂਸਰੇ ਨੇ ਲਿਖਿਆ, ‘‘ਨਾ ਖ਼ੁਦਾ ਹੀ ਮਿਲਾ ਨਾ ਵਿਸਾਲੇ ਸਨਮ, ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ।’’ ਕਵੀ ਸੁਰਜੀਤ ਗੱਗ ਨੇ ਲਿਖਿਆ ਹੈ, ‘‘ਅੱਜ ਤੱਕ ਕਿਸੇ ਨੇ ਝਾੜੂ ਤੱਕੜੀ ਵਿੱਚ ਤੁਲਦਾ ਤਾਂ ਨਹੀਂ ਵੇਖਿਆ ਹੋਣਾ, ਵੇਖਿਆ ਤਾਂ ਬਿਨਾਂ ਡੋਰ ਤੋਂ ਉੱਡਦਾ ਪਤੰਗ ਵੀ ਨਹੀਂ ਹੋਣਾ, ਬਿਨਾਂ ਗੰਦ ਤੋਂ ਖਿੜਦਾ ਕਮਲ ਵੀ ਨਹੀਂ ਵੇਖਿਆ ਹੋਣਾ।’’ ਰਾਜਾ ਨੂਰਪੁਰੀਆ ਨੇ ਅੱਜ ਪੂਰੇ ਦਿਨ ਦੇ ਘਟਨਾਕ੍ਰਮ ’ਤੇ ਪੋਸਟ ਪਾਈ ਹੈ,

‘‘ਬਾਬਾ ਬੁੱਲ੍ਹੇ ਸ਼ਾਹ ਦਾ ਕੌਲ.. ਦਰ ਖੁੱਲ੍ਹਾ ਹਸ਼ਰ ਅਜ਼ਾਬ ਦਾ, ਬੁਰਾ ਹੋਇਆ ਹਾਲ ਪੰਜਾਬ ਦਾ..।’’ ਇਵੇਂ ਇੱਕ ਹੋਰ ਸੱਜਣ ਨੇ ਪ੍ਰਤੀਕਰਮ ਦਿੱਤਾ ਹੈ, ‘‘ਐਨੀ ਝੜੀ ਤਾਂ ਸਾਉਣ ’ਚ ਮੀਂਹ ਦੀ ਨੀ ਲੱਗਦੀ , ਜਿੰਨੀ ‘ਆਪ’ ਵਿੱਚ ਅਸਤੀਫ਼ਿਆਂ ਦੀ ਲੱਗੀ ਹੋਈ ਹੈ.. ਪੰਜਾਬ ਸਿਆਂ ! ਤੇਰਾ ਕੌਣ ਵਿਚਾਰਾ।’’

ਖਹਿਰਾ ਨੇ ਲਿਆ ਸਟੈਂਡ ਕਿਹਾ ਮੈਂ ਇਕ ਵਾਰ ਨਹੀਂ 1000 ਵਾਰ ਕਹਾਂਗਾ ਕੇ ਮਜੀਠੀਆ …..

ਕੇਜਰੀਵਾਲ ਵਲੋਂ ਮਜੀਠੀਆ ਤੋਂ ਮੁਆਫੀ ਮੰਗੇ ਜਾਣ ਤੋਂ ਬਾਅਦ ‘ਆਪ’ ਦੀ ਪੰਜਾਬ ਇਕਾਈ ਵਿਚ ਖਲਬਲੀ ਮਚ ਗਈ ਹੈ। ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਸੁਖਪਾਲ ਖਹਿਰਾ ਨੇ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ ਵਲੋਂ ਮਜੀਠੀਆ ਕੋਲੋਂ ਮੁਆਫੀ ਮੰਗੇ ਜਾਣ ਦੇ ਫੈਸਲੇ ‘ਤੇ ਸਹਿਮਤ ਨਹੀਂ ਹਨ ਅਤੇ ਕੇਜਰੀਵਾਲ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ।

ਖਹਿਰਾ ਨੇ ਕਿਹਾ ਕਿ ਕੇਜਰੀਵਾਲ ਨੇ ਇਸ ਬਾਰੇ ਸਾਡੇ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਹ ਇਕ ਵਾਰ ਨਹੀਂ ਸਗੋਂ 1000 ਵਾਰ ਕਹਿਣਗੇ ਕਿ ਮਜੀਠੀਆ ਡਰੱਗ ਮਾਫੀਆ ਦਾ ਸਰਗਨਾ ਹੈ ਅਤੇ ਮਜੀਠੀਆ ਖਿਲਾਫ ਸੀ. ਬੀ. ਆਈ. ਜਾਂਚ ਹੋਣੀ ਚਾਹੀਦੀ ਹੈ।

ਖਹਿਰਾ ਨੇ ਕਿਹਾ ਕਿ ਕੇਜਰੀਵਾਲ ਨੇ ਖੁੱਲ੍ਹੇ ਤੌਰ ‘ਤੇ ਸਾਹਮਣੇ ਆ ਕੇ ਮਜੀਠੀਆ ਖਿਲਾਫ ਦੋਸ਼ ਲਗਾਏ ਸਨ। ਕੇਜਰੀਵਾਲ ਦੇ ਨਾਲ ਹਜ਼ਾਰਾਂ ਲੋਕ ਖੜ੍ਹੇ ਹੋਏ। ਉਨ੍ਹਾਂ ਕਿਹਾ ਕਿ ਇਕ ਪਾਸੇ ਜਿੱਥੇ ਐੱਸ. ਟੀ. ਐੱਫ. ਨੇ ਦੋਬਾਰਾ ਅਦਾਲਤ ਵਿਚ ਕਿਹਾ ਕਿ ਉਨ੍ਹਾਂ ਕੋਲ ਮਜੀਠੀਆ ਖਿਲਾਫ ਪੁਖਤਾ ਸਬੂਤ ਹਨ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਪਰ ਇਸ ਦਰਮਿਆਨ ਕੇਜਰੀਵਾਲ ਦਾ ਮਜੀਠੀਆ ਤੋਂ ਮੁਆਫੀ ਮੰਗਣਾ ਅਤਿ ਦੁਖਦਾਈ ਹੈ।

ਇੰਝ ਲੱਗ ਰਿਹਾ ਹੈ ਕਿ ਉਨ੍ਹਾਂ ਮਾਨਸਿਕ ਕਮਜ਼ੋਰੀ ਦੇ ਚੱਲਦੇ ਮੁਆਫੀ ਮੰਗੀ ਹੈ। ਖਹਿਰਾ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਯਕੀਨ ਦਿਵਾਉਂਦੇ ਹਨ ਕਿ ਜਿਹੜਾ ਵੀ ਫੈਸਲਾ ਲਿਆ ਜਾਵੇਗਾ ਉਹ ਪੰਜਾਬ ਦੇ ਹੱਕ ਵਿਚ ਲਿਆ ਜਾਵੇਗਾ। ਨਾਲ ਹੀ ਭਗਵੰਤ ਮਾਨ ਦੇ ਅਸਤੀਫੇ ‘ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਇਸ ‘ਤੇ ਫੈਸਲਾ ਸ਼ੁੱਕਰਵਾਰ ਸ਼ਾਮ 4 ਵਜੇ ਲਿਆ ਜਾਵੇਗਾ।

ਅੱਗੇ ਬੋਲਦੇ ਹੋਏ ਖਹਿਰਾ ਨੇ ਕਿਹਾ ਕਿ ਪੰਜਾਬ ਵਿਚ ਸੱਤਾ ਦਾ ਇਕ ਸਾਲ ਪੂਰਾ ਹੋਣ ‘ਤੇ ਕਾਂਗਰਸ ਨੇ ਸਿਵਾਏ ਧੋਖੇ ਦੇ ਲੋਕਾਂ ਨੂੰ ਕੁਝ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਿਰਫ ਇਕ ਸਾਲ ਦੇ ਵਕਫੇ ਅੰਦਰ ਪੰਜਾਬ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਹਨ। ਕੈਪਟਨ ਨੇ ਹੱਥ ਵਿਚ ਗੁਟਕਾ ਸਾਹਿਬ ਚੁੱਕ ਕੇ ਸਹੁੰ ਖਾਧੀ ਸੀ ਕਿ ਨਸ਼ਾ ਖਤਮ ਕਰਾਂਗਾ ਪਰ ਇਕ ਸਾਲ ਹੋਣ ਦੇ ਬਾਵਜੂਦ ਵੀ ਹਾਲਾਤ ਜਿਉਂ ਦੇ ਤਿਉਂ ਹਨ।

ਪੰਜਾਬ ‘ਚ ਵੱਡਾ ਸਿਆਸੀ ਧਮਾਕਾ, ਭਗਵੰਤ ਮਾਨ ਨੇ ਦਿੱਤਾ ਅਸਤੀਫਾ

ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਡਰੱਗ ਮਾਮਲੇ ‘ਚ ਲਿਖਤੀ ਮੁਆਫੀ ਮੰਗਣ ਤੋਂ ਬਾਅਦ ਪੰਜਾਬ ‘ਚ ਉਸ ਸਮੇਂ ਵੱਡਾ ਸਿਆਸੀ ਧਮਾਕਾ ਹੋਇਆ, ਜਦੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

ਭਗਵੰਤ ਮਾਨ ਨੇ ਇਸ ਗੱਲ ਦੀ ਜਾਣਕਾਰੀ ਆਪਣੇ ਫੇਸਬੁੱਕ ਪੇਜ਼ ‘ਤੇ ਦਿੱਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਡਰੱਗ ਮਾਫੀਆ ਅਤੇ ਲੋਕਾਂ ਨਾਲ ਹੋ ਰਹੀ ਹਰ ਕਿਸਮ ਦੀ ਧੱਕੇਸ਼ਾਹੀ ਖਿਲਾਫ ਉਨ੍ਹਾਂ ਦੀ ਜੰਗ ਜਾਰੀ ਰਹੇਗੀ ਅਤੇ ਉਨ੍ਹਾਂ ਨੇ ਇਕ ਸੱਚਾ ਪੰਜਾਬੀ ਹੋਣ ਦੇ ਨਾਤੇ ਅਸਤੀਫਾ ਦਿੱਤਾ ਹੈ।

ਕੇਜਰੀਵਾਲ ਦੀ ਮੁਆਫੀ ਤੋਂ ਬਾਅਦ ਪੰਜਾਬ ਦੇ ਆਪ ਆਗੂਆਂ ‘ਚ ਬਗਾਵਤ ਹੋ ਗਈ ਹੈ। ਭਗਵੰਤ ਮਾਨ ਦੇ ਨਾਲ-ਨਾਲ ਅਮਨ ਅਰੋੜਾ, ਕੰਵਰ ਸੰਧੂ ਅਤੇ ਸੁਖਪਾਲ ਖਹਿਰਾ ਨੇ ਵੀ ਬਗਾਵਤ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ‘ਚ 16 ਮਾਰਚ ਨੂੰ ਪਾਰਟੀ ਦੀ ਅਗਲੀ ਰਣਨੀਤੀ ਦਾ ਖੁਲਾਸਾ ਕੀਤਾ ਜਾਵੇਗਾ।

ਕੇਜਰੀਵਾਲ ਦੇ ਮਾਫੀਨਾਮੇ ‘ਤੇ ‘ਆਪ’ ਵਿਧਾਇਕਾਂ ਦੀ ਅਮਰਜੈਂਸੀ ਬੈਠਕ ਸ਼ੁਰੂ ਹੋ ਚੁੱਕੀ ਹੈ, ਜਿਸ ‘ਚ ‘ਆਪ’ ਸੁਪਰੀਮੋ ਕੇਜਰੀਵਾਲ ਵਲੋਂ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਡਰੱਗ ਮਾਮਲੇ ‘ਚ ਮੁਆਫੀ ਮੰਗਣ ਸਬੰਧੀ ਮੰਥਨ ਕੀਤਾ ਜਾ ਰਿਹਾ ਹੈ।

ਆਪ ਵਿਧਾਇਕਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਨੂੰ ਮੁਆਫੀ ਮੰਗਣ ਤੋਂ ਪਹਿਲਾਂ ਇਕ ਵਾਰ ਆਪ ਆਗੂਆਂ ਦੀ ਸਲਾਹ ਲੈ ਲੈਣੀ ਚਾਹੀਦੀ ਸੀ। ਇਸ ਸਬੰਧੀ ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਉਹ ਕੇਜਰੀਵਾਲ ਦੇ ਮੁਆਫੀ ਮੰਗਣ ਤੋਂ ਕਾਫੀ ਦੁਖੀ ਹਨ। ਉਨ੍ਹਾਂ ਕਿਹਾ ਕਿ ਡਰੱਗ ਮਾਮਲੇ ਦੀ ਅਜੇ ਵੀ ਜਾਂਚ ਚੱਲ ਰਹੀ ਹੈ ਪਰ ਕੇਜਰੀਵਾਲ ਨੇ ਮੁਆਫੀ ਮੰਗ ਕੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

ਕੁਝ ਲੋਕ ਕਿਆਸ ਲਗਾ ਰਹੇ ਹਨ ਕੇ ਕੇਜਰੀਵਾਲ ਦੇ ਇਸ ਕਦਮ ਨਾਲ ਆਮ ਆਦਮੀ ਪਾਰਟੀ ਖਿੱਲਰ ਸਕਦੀ ਹੈ ਤੇ ਭਗਵੰਤ ਮਾਨ ਪਾਰਟੀ ਛੱਡ ਕੇ ਮਨਪ੍ਰੀਤ ਦਾ ਸਾਥ ਦੇ ਸਕਦੇ ਹਨ। ਇਸਤੋਂ ਇਲਾਵਾ ਬੈਂਸ ਭਰਾ ਵੀ ਪਾਰਟੀ ਨਾਲ ਆਪਣਾ ਨਾਤਾ ਪੂਰੀ ਤਰਾਂ ਨਾਲ ਤੋੜ ਦੇਣਗੇ ।ਪਰ ਭਵਿੱਖ ਵਿੱਚ ਕੀ ਹੋਵੇਗਾ ਇਹ ਤਾਂ ਆਉਣ ਵਾਲਾ ਵਕ਼ਤ ਹੀ ਦੱਸੇਗਾ ।

ਹਰਿਮੰਦਰ ਸਾਹਿਬ ਵਿਖੇ 1 ਅਪ੍ਰੈਲ ਤੋਂ ਪਲਾਸਟਿਕ ਦੇ ਲਿਫ਼ਾਫ਼ੇ ਹੋਣਗੇ ਬਿਲਕੁਲ ਬੰਦ…..

ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਰਤੇ ਜਾਂਦੇ ਪਲਾਸਟਿਕ ਦੇ ਲਿਫ਼ਾਫ਼ੇ ਪਹਿਲੀ ਅਪ੍ਰੈਲ ਤੋਂ ਬੰਦ ਹੋ ਜਾਣਗੇ। ਇਨ੍ਹਾਂ ਦੀ ਥਾਂ ’ਤੇ ਮੱਕੀ ਤੇ ਆਲੂਆਂ ਤੋਂ ਬਣੇ ਲਿਫ਼ਾਫ਼ਿਆਂ ਦੀ ਵਰਤੋਂ ਹੋਵੇਗੀ। ਇਸ ਬਾਰੇ ਪੰਜਾਬ ਪ੍ਰਦੂਸ਼ਣ ਕੇਂਦਰ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਸਮੇਤ ਹੋਰ ਅਧਿਕਾਰੀਆਂ ਨਾਲ ਅੱਜ ਸ਼੍ਰੋਮਣੀ ਕਮੇਟੀ ਦਫ਼ਤਰ ਵਿੱਚ ਮੀਟਿੰਗ ਕੀਤੀ।

ਪੰਨੂ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸੂਬੇ ਅੰਦਰ ਪ੍ਰਦੂਸ਼ਣ ਦੇ ਖ਼ਾਤਮੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਦੀ ਤਾਜ਼ਾ ਕੋਸ਼ਿਸ਼ ਪੰਜਾਬ ਵਿੱਚੋਂ ਪਲਾਸਟਿਕ ਦੇ ਲਿਫ਼ਾਫ਼ੇ ਖ਼ਤਮ ਕਰਨ ਦੀ ਹੈ। ਉਨ੍ਹਾਂ ਕਿਹਾ ਕਿ ਲਿਫ਼ਾਫ਼ਿਆਂ ਦੀ ਲੋੜ ਨੂੰ ਨਕਾਰਿਆ ਨਹੀਂ ਜਾ ਸਕਦਾ, ਪਰ ਇਸ ਦੀ ਥਾਂ ’ਤੇ ਹੋਰ ਬਦਲ ਨੂੰ ਵੀ ਰੱਦ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਪਲਾਸਟਿਕ ਦੀ ਥਾਂ ’ਤੇ ਆਲੂ ਤੇ ਮੱਕੀ ਤੋਂ ਤਿਆਰ ਕੀਤੇ ਗਏ ਗਲਣਸ਼ੀਲ ਲਿਫ਼ਾਫ਼ੇ ਚੰਗਾ ਬਦਲ ਹਨ।

ਇਨ੍ਹਾਂ ਲਿਫ਼ਾਫ਼ਿਆਂ ਨੂੰ ਤਿਆਰ ਕਰਨ ਲਈ ਚਾਰ ਫ਼ਰਮਾਂ ਨਾਲ ਗੱਲ ਕੀਤੀ ਜਾ ਚੁੱਕੀ ਹੈ। ਅਗਲੇ ਸਮੇਂ ਇਸ ਵਿੱਚ ਹੋਰ ਵਾਧਾ ਕੀਤਾ ਜਾਵੇਗਾ। ਗਲਣਸ਼ੀਲ ਲਿਫ਼ਾਫ਼ਿਆਂ ਦੀ ਸ਼ੁਰੂਆਤ ਗੁਰੂ ਨਗਰੀ ਅੰਮ੍ਰਿਤਸਰ ਤੋਂ ਇੱਕ ਅਪ੍ਰੈਲ ਨੂੰ ਕੀਤੀ ਜਾਵੇਗੀ। ਸਭ ਤੋਂ ਪਹਿਲਾਂ ਇਨ੍ਹਾਂ ਦੀ ਵਰਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਵੇਗੀ।

ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ 200 ਕੁਇੰਟਲ ਸਾਲਾਨਾ ਦੇ ਕਰੀਬ ਲਿਫ਼ਾਫ਼ਿਆਂ ਦੀ ਵਰਤੋਂ ਹੁੰਦੀ ਹੈ। ਇਸ ਤੋਂ ਇਲਾਵਾ ਪਿੰਨੀ ਪ੍ਰਸ਼ਾਦ ਦੀ ਪੈਕਿੰਗ ਲਈ ਵੀ 65 ਕੁਇੰਟਲ ਦੇ ਕਰੀਬ ਲਿਫ਼ਾਫ਼ੇ ਵਰਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਅੱਜ ਵੱਡੀ ਸਮੱਸਿਆ ਵਜੋਂ ਸਾਹਮਣੇ ਹੈ।